-ਭਾਰਤੀ ਵਿਅਕਤੀ ਨੇ ਖੁਦ 911 ‘ਤੇ ਕਾਲ ਕਰਕੇ ਗਰਲਫ੍ਰੈਂਡ ਦੇ ਲਾਪਤਾ ਹੋਣ ਦੀ ਦਿੱਤੀ ਸੀ ਰਿਪੋਰਟ
ਮੈਰੀਲੈਂਡ/ਨਵੀਂ ਦਿੱਲੀ, 7 ਜਨਵਰੀ (ਪੰਜਾਬ ਮੇਲ)- ਮੈਰੀਲੈਂਡ ਦੇ ਕੋਲੰਬੀਆ ਵਿਚ ਬੀਤੀ 3 ਜਨਵਰੀ ਨੂੰ ਇੱਕ ਅਪਾਰਟਮੈਂਟ ਵਿਚ 27 ਸਾਲਾ ਭਾਰਤੀ ਨਾਗਰਿਕ ਨਿਕਿਤਾ ਗੋਡਿਸ਼ਾਲਾ ਦੀ ਲਾਸ਼ ਬਰਾਮਦ ਹੋਈ ਸੀ। ਅਮਰੀਕੀ ਅਧਿਕਾਰੀਆਂ ਅਨੁਸਾਰ ਇਹ ਅਪਾਰਟਮੈਂਟ ਪੀੜ੍ਹਤਾ ਦੇ ਸਾਥੀ ਅਰਜੁਨ ਸ਼ਰਮਾ ਦਾ ਹੈ, ਜਿਸ ‘ਤੇ ਕਤਲ ਦੇ ਦੋਸ਼ ਲਾਏ ਗਏ ਹਨ। ਜਾਂਚਕਰਤਾਵਾਂ ਦੇ ਅਨੁਮਾਨ ਮੁਤਾਬਕ ਨਿਕਿਤਾ ਦਾ ਕਤਲ 31 ਦਸੰਬਰ ਸ਼ਾਮ ਕਰੀਬ 7 ਵਜੇ ਕੀਤਾ ਗਿਆ ਸੀ ਅਤੇ ਉਸਦੀ ਦੇਹ 3 ਜਨਵਰੀ ਨੂੰ ਪੁਲਿਸ ਤਲਾਸ਼ੀ ਦੌਰਾਨ ਉਸੇ ਅਪਾਰਟਮੈਂਟ ਵਿਚੋਂ ਬਰਾਮਦ ਹੋਈ ਸੀ।
ਵੇਰਵਿਆਂ ਅਨੁਸਾਰ 26 ਸਾਲਾ ਅਰਜੁਨ ਸ਼ਰਮਾ ਨੇ 2 ਜਨਵਰੀ ਨੂੰ ਅਧਿਕਾਰੀਆਂ ਨੂੰ ਨਿਕਿਤਾ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਦੱਸਿਆ ਸੀ ਕਿ ਉਸ ਨੇ ਨਿਕਿਤਾ ਨੂੰ ਆਖਰੀ ਵਾਰ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਨੂੰ ਦੇਖਿਆ ਸੀ। ਹਾਲਾਂਕਿ ਬਾਅਦ ਵਿਚ ਜਾਂਚਕਰਤਾਵਾਂ ਨੇ ਪਾਇਆ ਕਿ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਣ ਤੋਂ ਤੁਰੰਤ ਬਾਅਦ ਉਹ ਡੈਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਾਰਤ ਲਈ ਫਲਾਈਟ ਫੜ ਕੇ ਫਰਾਰ ਹੋ ਗਿਆ ਸੀ, ਜਿਸ ਨਾਲ ਉਸ ‘ਤੇ ਸ਼ੱਕ ਪੈਦਾ ਹੋ ਗਿਆ।
5 ਜਨਵਰੀ ਨੂੰ ਇੰਟਰਪੋਲ, ਅਮਰੀਕੀ ਸੰਘੀ ਏਜੰਸੀਆਂ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਤਾਲਮੇਲ ਨਾਲ ਚਲਾਈ ਗਈ ਮੁਹਿੰਮ ਤੋਂ ਬਾਅਦ ਅਰਜੁਨ ਸ਼ਰਮਾ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਹਾਵਰਡ ਕਾਉਂਟੀ ਦੇ ਜਾਸੂਸਾਂ ਨੇ ਉਸ ‘ਤੇ ਫਸਟ-ਡਿਗਰੀ ਅਤੇ ਸੈਕਿੰਡ-ਡਿਗਰੀ ਕਤਲ ਦੇ ਦੋਸ਼ ਲਗਾਉਂਦੇ ਹੋਏ ਉਸਨੂੰ ਅਮਰੀਕਾ ਵਾਪਸ ਲਿਜਾਣ ਲਈ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਨਿਕਿਤਾ ਦੀ ਭੈਣ ਸਰਸਵਤੀ ਨੇ ਦੋਸ਼ ਲਾਇਆ ਹੈ ਕਿ ਸ਼ਰਮਾ ਨੇ ਅਮਰੀਕਾ ਤੋਂ ਭੱਜਣ ਤੋਂ ਪਹਿਲਾਂ ਨਿਕਿਤਾ ਦੇ ਬੈਂਕ ਖਾਤੇ ਵਿਚੋਂ ਲਗਭਗ 3,500 ਅਮਰੀਕੀ ਡਾਲਰਾਂ ਦਾ ਅਣਅਧਿਕਾਰਤ ਲੈਣ-ਦੇਣ ਕੀਤਾ ਸੀ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਦੋਵਾਂ ਭੈਣਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ; ਸ਼ਿਕਾਇਤ ਅਨੁਸਾਰ ਉਸ ਨੇ ਪਰਿਵਾਰ ਤੋਂ 4,500 ਡਾਲਰ ਉਧਾਰ ਲਏ ਸਨ ਪਰ ਸਿਰਫ 3,500 ਹੀ ਮੋੜੇ ਸਨ।
ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਸ਼ਰਮਾ ਨੂੰ ਨਿਕਿਤਾ ਦਾ ਸਾਬਕਾ ਪ੍ਰੇਮੀ ਦੱਸਿਆ ਹੈ, ਪਰ ਉਸਦੇ ਪਿਤਾ ਆਨੰਦ ਗੋਡਿਸ਼ਾਲਾ ਨੇ ਇਸ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਸਿਰਫ ਉਸਦਾ ਸਾਬਕਾ ਰੂਮਮੇਟ ਸੀ ਅਤੇ ਉਨ੍ਹਾਂ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਨਿਕਿਤਾ ਗੋਡਿਸ਼ਾਲਾ ਮੈਰੀਲੈਂਡ ਵਿਚ ‘ਵੇਡਾ ਹੈਲਥ’ ਵਿਚ ਇੱਕ ਡੇਟਾ ਐਨਾਲਿਸਟ ਵਜੋਂ ਕੰਮ ਕਰਦੀ ਸੀ ਅਤੇ ਉਸ ਦੇ ਪਰਿਵਾਰ ਨੇ ਉਸਦੀ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਅਤੇ ਤੇਲੰਗਾਨਾ ਰਾਜ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਅਮਰੀਕਾ ‘ਚ ਮਹਿਲਾ ਦਾ ਕਤਲ ਕਰਕੇ ਭੱਜਿਆ ਭਾਰਤੀ ਤਿਲੰਗਾਨਾ ਤੋਂ ਗ੍ਰਿਫ਼ਤਾਰ

