#AMERICA

ਅਮਰੀਕਾ ‘ਚ ਭਾਰਤੀ ਲੜਕੀ ਦੀ ਕਾਰ ਸੜਕ ਹਾਦਸੇ ‘ਚ ਮੌਤ

ਨਿਊਯਾਰਕ, 25 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕੀ-ਭਾਰਤੀ ਭਾਈਚਾਰੇ ਲਈ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਬੀਤੇ ਦਿਨੀਂ ਅਮਰੀਕਾ ‘ਚ ਗ੍ਰੈਜੂਏਸ਼ਨ ਕਰ ਰਹੀ 24 ਸਾਲਾ ਭਾਰਤੀ ਲੜਕੀ ਅਰਸ਼ੀਆ ਜੋਸ਼ੀ ਦੀ ਇੱਕ ਕਾਰ ਸੜਕ ਹਾਦਸੇ ‘ਚ ਮੌਤ ਹੋ ਗਈ। ਹੁਣ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤੀ ਮਿਸ਼ਨ ਵੀ ਇਸ ਕੰਮ ਵਿਚ ਜੁੱਟ ਗਿਆ ਹੈ। ਇਹ ਘਟਨਾ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੀ ਹੈ। ਅਰਸ਼ੀਆ ਜੋਸ਼ੀ ਉੱਚ ਪੜ੍ਹਾਈ ਲਈ ਅਮਰੀਕਾ ਆਈ ਸੀ। ਅਰਸ਼ੀਆ ਜੋਸ਼ੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸੰਗਠਨ ਕੰਮ ਕਰ ਰਹੇ ਹਨ। ਨਿਊਯਾਰਕ ਸਥਿਤ ਭਾਰਤੀ ਵਣਜ ਦੂਤਘਰ ਨੇ ਕਿਹਾ ਕਿ ਅਰਸ਼ੀਆ ਜੋਸ਼ੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਨਿਊਯਾਰਕ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿਚ ਕਿਹਾ ਕਿ ਨੌਜਵਾਨ ਪੇਸ਼ੇਵਰ ਅਰਸ਼ੀਆ ਜੋਸ਼ੀ ਦੇ ਪਰਿਵਾਰ ਨਾਲ ਸਾਡੀ ਸੰਵੇਦਨਾ ਹੈ ਅਤੇ ਇਹ ਮੰਦਭਾਗੀ ਘਟਨਾ ਹੈ। 21 ਮਾਰਚ ਨੂੰ ਪੈਨਸਿਲਵੇਨੀਆ ਵਿਚ ਇੱਕ ਦਰਦਨਾਕ ਕਾਰ ਹਾਦਸੇ ਵਿਚ ਉਸ ਦੀ ਜਾਨ ਚਲੀ ਗਈ। ਅਮਰੀਕਾ ‘ਚ ਸਥਿਤ ਭਾਰਤੀ ਮਿਸ਼ਨ ਨੇ ਕਿਹਾ ਕਿ ਉਹ ਅਰਸ਼ੀਆ ਜੋਸ਼ੀ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਦੇ ਨੇਤਾਵਾਂ ਦੇ ਸੰਪਰਕ ਵਿਚ ਹੈ। ਉਨ੍ਹਾਂ ਟਵਿੱਟਰ  ਤੇ ਲਿਖਿਆ ਕਿ ਬੱਚੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਟਵੀਟ ਵਿਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਕੇਂਦਰੀ ਵਿਦੇਸ਼ ਮੰਤਰਾਲੇ, ਵਾਸ਼ਿੰਗਟਨ ਵਿਚ ਭਾਰਤੀ ਦੂਤਾਵਾਸ ਨੂੰ ਵੀ ਟੈਗ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਅਰਸ਼ੀਆ ਜੋਸ਼ੀ ਨੇ ਪਿਛਲੇ ਸਾਲ ਅਮਰੀਕਾ ‘ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਏ.ਆਈ.ਡੀ. ਇੱਕ ਅਮਰੀਕੀ-ਆਧਾਪਰਤ ਸਵੈ-ਸੇਵੀ ਸੰਸਥਾ ਹੈ, ਜੋ ਐਮਰਜੈਂਸੀ ਸਥਿਤੀਆਂ ਵਿਚ ਵਿਦੇਸ਼ਾਂ ‘ਚ ਰਹਿਣ ਵਾਲੇ ਲੋਕਾਂ ਦੀ ਮਦਦ ਕਰਦੀ ਹੈ। ਸੰਸਥਾ ਅਰਸ਼ੀਆ ਜੋਸ਼ੀ ਦੀ ਮ੍ਰਿਤਕ ਦੇਹ ਭਾਰਤ ਵਿਚ ਉਸਦੇ ਪਰਿਵਾਰ ਨੂੰ ਭੇਜਣ ਵਿਚ ਮਦਦ ਕਰ ਰਹੀ ਹੈ। ਅਮਰੀਕਾ ਵਿਚ ਪੜ੍ਹਨ ਲਈ ਆਏ ਭਾਰਤੀ ਹਾਲ ਹੀ ਵਿਚ ਕਈ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਹਨ।