#AMERICA

ਅਮਰੀਕਾ ‘ਚ ਭਾਰਤੀ ਮੂਲ ਦਾ ਵਿਦਿਆਰਥੀ ਲਾਪਤਾ

ਵਾਸ਼ਿੰਗਟਨ, 14 ਫਰਵਰੀ (ਪੰਜਾਬ ਮੇਲ)- ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ (ਬਰਕਲੇ) ਵਿਚ ਪੜ੍ਹ ਰਿਹਾ ਇਕ 22 ਸਾਲਾ ਭਾਰਤੀ ਵਿਦਿਆਰਥੀ ਸਾਕੇਤ ਸ਼੍ਰੀਨਿਵਾਸਈਆ ਪਿਛਲੇ ਮੰਗਲਵਾਰ ਤੋਂ ਲਾਪਤਾ ਹੈ। ਸਾਕੇਤ ਕਰਨਾਟਕ ਦਾ ਰਹਿਣ ਵਾਲਾ ਹੈ ਅਤੇ ਆਈ.ਆਈ.ਟੀ. ਮਦਰਾਸ ਦਾ ਸਾਬਕਾ ਵਿਦਿਆਰਥੀ ਹੈ।
ਸਾਕੇਤ ਬਰਕਲੇ ਵਿਚ ਕੈਮੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ ਤੇ ਉਸ ਨੂੰ ਆਖਰੀ ਵਾਰ ਮੰਗਲਵਾਰ ਨੂੰ ਡਵਾਈਟ ਵੇਅ ਇਲਾਕੇ ਵਿਚ ਦੇਖਿਆ ਗਿਆ ਸੀ। ਤਲਾਸ਼ੀ ਦੌਰਾਨ ਪੁਲਿਸ ਨੂੰ ਟਿਲਡਨ ਰੀਜਨਲ ਪਾਰਕ ਦੇ ਕੋਲ ਇੱਕ ਘਰ ਦੇ ਨੇੜੇ ਸਾਕੇਤ ਦਾ ਬੈਗ ਮਿਲਿਆ ਹੈ, ਜਿਸ ਵਿਚ ਉਸ ਦਾ ਪਾਸਪੋਰਟ ਅਤੇ ਲੈਪਟਾਪ ਮੌਜੂਦ ਸੀ। ਇਸ ਤੋਂ ਬਾਅਦ ਪੁਲਿਸ ਨੇ ਬਰਕਲੇ ਹਿਲਜ਼ ਦੇ ਇਲਾਕੇ ਵਿਚ ਸਰਚ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ।
ਸਾਨ ਫਰਾਂਸਿਸਕੋ ਵਿਚ ਭਾਰਤੀ ਦੂਤਾਵਾਸ ਨੇ ਇਸ ਘਟਨਾ ‘ਤੇ ਚਿੰਤਾ ਜਤਾਈ ਹੈ। ਦੂਤਾਵਾਸ ਅਧਿਕਾਰੀ ਸਾਕੇਤ ਦੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਸਥਾਨਕ ਪੁਲਿਸ ਨਾਲ ਮਿਲ ਕੇ ਉਸਦੀ ਭਾਲ ਕਰ ਰਹੇ ਹਨ। ਸਾਕੇਤ ਦਾ ਕੱਦ 6 ਫੁੱਟ 1 ਇੰਚ ਹੈ, ਵਾਲ ਕਾਲੇ ਹਨ ਅਤੇ ਅੱਖਾਂ ਭੂਰੀਆਂ ਹਨ।
ਉਸ ਦੇ ਦੋਸਤਾਂ ਅਤੇ ਸਾਥੀ ਵਿਦਿਆਰਥੀਆਂ ਨੇ ਵੀ ਸੋਸ਼ਲ ਮੀਡੀਆ ‘ਤੇ ਉਸ ਨੂੰ ਲੱਭਣ ਲਈ ਮੁਹਿੰਮ ਚਲਾਈ ਹੋਈ ਹੈ। ਅਮਰੀਕੀ ਪੁਲਿਸ ਅਤੇ ਭਾਰਤੀ ਮਿਸ਼ਨ ਦੀਆਂ ਟੀਮਾਂ ਪਿਛਲੇ ਚਾਰ ਦਿਨਾਂ ਤੋਂ ਸਾਕੇਤ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ।