ਵਾਸ਼ਿੰਗਟਨ, 19 ਸਤੰਬਰ (ਪੰਜਾਬ ਮੇਲ)-ਅਮਰੀਕਾ ਵਿੱਚ ਰਹਿ ਰਹੇ ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਦੇ ਇੱਕ 30 ਸਾਲਾ ਨੌਜਵਾਨ ਦਾ ”ਲੜਾਈ” ਤੋਂ ਬਾਅਦ ਪੁਲਿਸ ਦੁਆਰਾ ਕਥਿਤ ਤੌਰ ‘ਤੇ ਗੋਲੀ ਮਾਰਨ ਤੋਂ ਕਤਲ ਕਰ ਦਿੱਤਾ ਗਿਆ ਸੀ। ਨੌਜਵਾਨ ਦੇ ਮਾਰੇ ਜਾਣ ਦੀ ਖ਼ਬਰ ਜਦੋਂ ਪਰਿਵਾਰ ਨੂੰ ਮਿਲੀ ਤਾਂ ਘਰ ਵਿਚ ਚੀਕ-ਚਿਹਾੜਾ ਮਚ ਗਿਆ। ਇਸ ਘਟਨਾ ਦਾ ਦਾਅਵਾ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਵੀਰਵਾਰ ਕੀਤਾ ਗਿਆ। ਮੁਹੰਮਦ ਨਿਜ਼ਾਮੂਦੀਨ ਦੇ ਪਿਤਾ ਮੁਹੰਮਦ ਹਸਨੁਦੀਨ ਨੇ ਆਪਣੇ ਪੁੱਤਰ ਦੇ ਇੱਕ ਦੋਸਤ ਤੋਂ ਮਿਲੀ ਜਾਣਕਾਰੀ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਘਟਨਾ 3 ਸਤੰਬਰ ਨੂੰ ਵਾਪਰੀ ਸੀ।
ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਅਸਲ ਵਿਚ ਕੀ ਹੋਇਆ ਸੀ। ਉਨ੍ਹਾਂ ਕਿਹਾ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਲੜਾਈ ਇੱਕ ਮਾਮੂਲੀ ਗੱਲ ‘ਤੇ ਹੋਈ ਸੀ। ਹਾਲਾਂਕਿ, ਘਟਨਾ ਦਾ ਸਪੱਸ਼ਟ ਵੇਰਵਾ ਉਪਲਬਧ ਨਹੀਂ ਹੈ। ਮੁਹੰਮਦ ਹਸਨੁਦੀਨ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਾ। ਉਨ੍ਹਾਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਆਪਣੇ ਪੁੱਤਰ ਦੀ ਲਾਸ਼ ਮਹਿਬੂਬਨਗਰ ਵਾਪਸ ਲਿਆਉਣ ਵਿਚ ਸਹਾਇਤਾ ਲਈ ਬੇਨਤੀ ਕੀਤੀ ਹੈ। ਜੈਸ਼ੰਕਰ ਨੂੰ ਲਿਖੇ ਇੱਕ ਪੱਤਰ ਵਿਚ ਹਸਨੁਦੀਨ ਨੇ ਕਿਹਾ, ”ਅੱਜ ਸਵੇਰੇ ਮੈਨੂੰ ਪਤਾ ਲੱਗਾ ਕਿ ਉਸਨੂੰ (ਨਿਜ਼ਾਮੁਦੀਨ) ਨੂੰ ਸਾਂਤਾ ਕਲਾਰਾ ਪੁਲਿਸ ਨੇ ਗੋਲੀ ਮਾਰ ਦਿੱਤੀ ਹੈ ਅਤੇ ਉਸਦੀ ਲਾਸ਼ ਕੈਲੀਫੋਰਨੀਆ ਦੇ ਸਾਂਤਾ ਕਲਾਰਾ ਦੇ ਇੱਕ ਹਸਪਤਾਲ ਵਿਚ ਹੈ। ਮੈਨੂੰ ਨਹੀਂ ਪਤਾ ਕਿ ਪੁਲਿਸ ਨੇ ਉਸਨੂੰ ਗੋਲੀ ਕਿਉਂ ਮਾਰੀ।”
ਉਨ੍ਹਾਂ ਨੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਵਾਸ਼ਿੰਗਟਨ ਵਿਚ ਭਾਰਤੀ ਦੂਤਾਵਾਸ ਅਤੇ ਸਾਨ ਫਰਾਂਸਿਸਕੋ ਵਿਚ ਭਾਰਤੀ ਕੌਂਸਲੇਟ ਜਨਰਲ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਮਹਿਬੂਬਨਗਰ ਲਿਆਉਣ ਵਿਚ ਸਹਾਇਤਾ ਕਰਨ ਲਈ ਬੇਨਤੀ ਕਰਨ। ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਬੁਲਾਰੇ ਅਮਜਦ ਉੱਲ੍ਹਾ ਖਾਨ ਨੇ ਮੀਡੀਆ ਨਾਲ ਪੱਤਰ ਸਾਂਝਾ ਕੀਤਾ, ਜਿਸ ਵਿਚ ਵਿਦੇਸ਼ ਮੰਤਰੀ ਨੂੰ ਇਸ ਮਾਮਲੇ ਵਿਚ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ। ਹਸਨੁਦੀਨ ਨੇ ਕਿਹਾ ਕਿ ਉਸਦਾ ਪੁੱਤਰ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉੱਥੇ ਇੱਕ ਸਾਫਟਵੇਅਰ ਪੇਸ਼ੇਵਰ ਵਜੋਂ ਕੰਮ ਕਰ ਰਿਹਾ ਸੀ।
ਅਮਰੀਕਾ ‘ਚ ਭਾਰਤੀ ਇੰਜੀਨੀਅਰ ਨੂੰ ਪੁਲਿਸ ਨੇ ਮਾਰੀ ਗੋਲੀ

