#AMERICA

ਅਮਰੀਕਾ ‘ਚ ਪੜ੍ਹਨ ਤੋਂ ਬਾਅਦ ਆਸਾਨੀ ਨਾਲ ਮਿਲਦਾ ਹੈ ਐੱਚ-1ਬੀ ਵੀਜ਼ਾ

– ਵਿਦੇਸ਼ੀਆਂ ਦੀ ਗਿਣਤੀ ਦਾ 39 ਫੀਸਦੀ ਹਿੱਸਾ ਕੈਲੀਫੋਰਨੀਆ, ਟੈਕਸਾਸ ਤੇ ਨਿਊਯਾਰਕ ਦੀਆਂ ਕੰਪਨੀਆਂ ਦਾ
– ਨਿਊ ਮੈਕਸੀਕੋ, ਨੇਵਾਡਾ, ਕੋਲੋਰਾਡੋ, ਟੈਨੇਸੀ ਅਤੇ ਮੋਂਟਾਨਾ ਦੀਆਂ ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਕੋਲ ਐੱਚ-1ਬੀ ਵੀਜ਼ਾ ਦਾ ਅਨੁਪਾਤ ਸਭ ਤੋਂ ਵੱਧ
ਵਾਸ਼ਿੰਗਟਨ, 23 ਅਕਤੂਬਰ (ਪੰਜਾਬ ਮੇਲ)- ‘ਹਾਉ ਇੰਟਰਨੈਸ਼ਨਲ ਸਟੂਡੈਂਟਸ ਆਰ ਫਾਈਡਿੰਗ ਯੂ.ਐੱਸ. ਜੌਬਜ਼’ ਦੀ ਰਿਪੋਰਟ ਵਿਚ ਪਾਇਆ ਗਿਆ ਹੈ ਕਿ ਵਾਸ਼ਿੰਗਟਨ, ਉੱਤਰੀ ਕੈਰੋਲੀਨਾ, ਟੈਕਸਾਸ ਅਤੇ ਮਿਸ਼ੀਗਨ ਵਿਚ ਸਥਿਤ ਕੰਪਨੀਆਂ ਨੇ ਸਭ ਤੋਂ ਵੱਧ ਐਚ-1ਬੀ ਵੀਜ਼ਾ ਅਰਜ਼ੀਆਂ ਲਈ ਵਿਦੇਸ਼ੀ ਨਾਗਰਿਕਾਂ ਨੂੰ ਸਪਾਂਸਰ ਕੀਤਾ ਹੈ। 2023 ਵਿਚ ਅਮਰੀਕਾ ਵਿਚ ਐੱਚ-1ਬੀ ਵੀਜ਼ਾ ਲਈ ਵਿਦੇਸ਼ੀ ਵਿਦਿਆਰਥੀਆਂ ਨੂੰ ਸਪਾਂਸਰ ਕਰਨ ਵਿਚ ਤਿੰਨ ਰਾਜਾਂ ਦੀਆਂ ਕੰਪਨੀਆਂ ਸਭ ਤੋਂ ਅੱਗੇ ਹਨ। ਇਨ੍ਹਾਂ ਰਾਜਾਂ ਵਿਚ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਸ਼ਾਮਲ ਹਨ।
ਦੇਸ਼ ਭਰ ‘ਚ ਐੱਚ-1ਬੀ ਵੀਜ਼ਾ ਲਈ ਸਪਾਂਸਰ ਕੀਤੇ ਗਏ ਵਿਦੇਸ਼ੀਆਂ ਦੀ ਗਿਣਤੀ ਦਾ 39 ਫੀਸਦੀ ਹਿੱਸਾ ਕੈਲੀਫੋਰਨੀਆ, ਟੈਕਸਾਸ ਅਤੇ ਨਿਊਯਾਰਕ ਦੀਆਂ ਕੰਪਨੀਆਂ ਦਾ ਹੈ। ਜੇਕਰ ਮੈਸੇਚਿਉਸੇਟਸ, ਵਰਜੀਨੀਆ ਅਤੇ ਮਿਸ਼ੀਗਨ ਨੂੰ ਵੀ ਇਸ ਵਿਚ ਸ਼ਾਮਲ ਕਰ ਲਿਆ ਜਾਵੇ ਤਾਂ 2023 ‘ਚ ਸਪਾਂਸਰ ਹੋਣ ਵਾਲੀਆਂ ਨੌਕਰੀਆਂ ਵਿਚ ਇਹ 6 ਰਾਜ 50 ਫੀਸਦੀ ਹਨ। ਇਸ ਤਰ੍ਹਾਂ, ਇਹ ਕੁਝ ਅਜਿਹੇ ਰਾਜ ਹਨ, ਜਿੱਥੇ ਜੇਕਰ ਕੋਈ ਭਾਰਤੀ ਪੜ੍ਹ ਰਿਹਾ ਹੈ, ਤਾਂ ਉਸ ਲਈ ਨੌਕਰੀ ਮਿਲਣ ਤੋਂ ਬਾਅਦ ਐੱਚ-1ਬੀ ਵੀਜ਼ਾ ਪ੍ਰਾਪਤ ਕਰਨਾ ਬਹੁਤ ਆਸਾਨ ਹੋ ਜਾਵੇਗਾ।
ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਨਿਊ ਮੈਕਸੀਕੋ, ਨੇਵਾਡਾ, ਕੋਲੋਰਾਡੋ, ਟੈਨੇਸੀ ਅਤੇ ਮੋਂਟਾਨਾ ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਕੋਲ ਐੱਚ-1ਬੀ ਵੀਜ਼ਾ ਦਾ ਅਨੁਪਾਤ ਸਭ ਤੋਂ ਵੱਧ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਰਾਜਾਂ ਵਿਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਭ ਤੋਂ ਵੱਧ ਨੌਕਰੀਆਂ ਮਿਲ ਰਹੀਆਂ ਹਨ। ਉੱਤਰੀ ਕੈਰੋਲੀਨਾ, ਮਿਸ਼ੀਗਨ ਅਤੇ ਵਰਜੀਨੀਆ ਵਿਚ ਵੀ ਬਹੁਤ ਸਾਰੀਆਂ ਕੰਪਨੀਆਂ ਹਨ, ਜੋ ਵਿਦੇਸ਼ੀ ਵਿਦਿਆਰਥੀਆਂ ਲਈ ਬਹੁਤ ਉਦਾਰ ਹਨ ਅਤੇ ਉਨ੍ਹਾਂ ਨੂੰ ਨੌਕਰੀ ‘ਤੇ ਰੱਖ ਰਹੀਆਂ ਹਨ।
ਭਾਰਤੀਆਂ ਲਈ ਅਮਰੀਕਾ ਸ਼ੁਰੂ ਤੋਂ ਹੀ ਪਸੰਦੀਦਾ ਦੇਸ਼ ਰਿਹਾ ਹੈ। ਭਾਰਤੀ ਵਿਦਿਆਰਥੀ ਵੀ ਨੌਕਰੀ ਦੇ ਬਿਹਤਰ ਮੌਕਿਆਂ ਅਤੇ ਚੰਗੇ ਕਰੀਅਰ ਲਈ ਅਮਰੀਕਾ ਜਾਣ ਨੂੰ ਤਰਜੀਹ ਦਿੰਦੇ ਹਨ। ਸਾਇੰਸ, ਟੈਕਨਾਲੋਜੀ, ਇੰਜਨੀਅਰਿੰਗ ਅਤੇ ਮੈਥ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਅਮਰੀਕਾ ਨੂੰ ਇਸ ਲਈ ਚੁਣਦੇ ਹਨ ਕਿਉਂਕਿ ਇੱਥੇ ਉਨ੍ਹਾਂ ਨੂੰ 3 ਸਾਲ ਦੀ ਓ.ਪੀ.ਟੀ. (ਵਿਕਲਪਿਕ ਪ੍ਰੈਕਟੀਕਲ ਟਰੇਨਿੰਗ) ਮਿਲਦੀ ਹੈ। ਅਮਰੀਕਾ ਵਿਚ ਨੌਕਰੀ ਪ੍ਰਾਪਤ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਐੱਚ-1ਬੀ ਵੀਜ਼ਾ ਪ੍ਰਾਪਤ ਕਰਨਾ। ਇਸ ਵੀਜ਼ੇ ਰਾਹੀਂ ਕੰਪਨੀਆਂ ਵਿਦੇਸ਼ੀ ਨਾਗਰਿਕਾਂ ਨੂੰ ਵਿਸ਼ੇਸ਼ ਕੰਮ ਲਈ ਭਰਤੀ ਕਰਦੀਆਂ ਹਨ।