ਵਾਸ਼ਿੰਗਟਨ, 31 ਜੁਲਾਈ (ਪੰਜਾਬ ਮੇਲ)- ਨਿਊਜਰਸੀ ਦੇ ਅਟਾਰਨੀ ਜਨਰਲ ਮੈਥਿਊ ਪਲੈਟਕਿਨ ਨੇ ਕਿਹਾ ਹੈ ਕਿ ਅਮਰੀਕਾ ‘ਚ ਪੈਦਾ ਹੋਏ ਬੱਚੇ ਅਮਰੀਕੀ ਨਾਗਰਿਕ ਹਨ। ਜਿਵੇਂ ਕਿ ਪਹਿਲਾਂ ਤੋਂ ਸਾਡੇ ਇਤਿਹਾਸ ‘ਚ ਅਮਰੀਕਾ ‘ਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਮਿਲਦੀ ਆਈ ਹੈ, ਹੁਣ ਵੀ ਮਿਲੇਗੀ। ਅਟਾਰਨੀ ਜਨਰਲ ਦਾ ਇਹ ਬਿਆਨ ਬੋਸਟਨ, ਮਾਸਾਚੂਸੈਟਸ, ਦੇ ਇਕ ਸੰਘੀ ਜੱਜ ਵੱਲੋਂ ਅਮਰੀਕਾ ‘ਚ ਜੰਮੇ ਬੱਚਿਆਂ ਦੀ ਨਾਗਰਿਕਤਾ ਖ਼ਤਮ ਕਰਨ ਬਾਰੇ ਟਰੰਪ ਪ੍ਰਸ਼ਾਸਨ ਦੇ ਫੁਰਮਾਨ ਉਪਰ ਰੋਕ ਲਾਉਣ ਤੋਂ ਬਾਅਦ ਆਇਆ ਹੈ। ਯੂ.ਐੱਸ. ਜਿਲ੍ਹਾ ਜੱਜ ਲੀਓ ਸੋਰੋਕਿਨ ਨੇ ਟਰੰਪ ਪ੍ਰਸ਼ਾਸਨ ਦੇ ਆਦੇਸ਼ ਨੂੰ ਸੰਵਿਧਾਨ ਦੀ ਉਲੰਘਣਾ ਕਰਾਰ ਦਿੱਤਾ ਹੈ। ਅਮਰੀਕਾ ਦੀ ਇਹ ਤੀਸਰੀ ਅਦਾਲਤ ਹੈ, ਜਿਸ ਨੇ ਟਰੰਪ ਪ੍ਰਸ਼ਾਸਨ ਦੇ ਵਿਵਾਦਿਤ ਆਦੇਸ਼ ਨੂੰ ਲਾਗੂ ਹੋਣ ਤੋਂ ਰੋਕਣ ਲਈ ਆਦੇਸ਼ ਜਾਰੀ ਕੀਤਾ ਹੈ। ਟਰੰਪ ਪ੍ਰਸ਼ਾਸਨ ਦੀ ਦਲੀਲ ਹੈ ਕਿ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਬੱਚੇ ਅਮਰੀਕੀ ਨਾਗਰਿਕ ਨਹੀਂ ਮੰਨੇ ਜਾ ਸਕਦੇ। ਕਾਨੂੰਨੀ ਮਾਹਿਰਾਂ ਅਨੁਸਾਰ ਹੁਣ ਇਹ ਮਾਮਲਾ ਇਕ ਵਾਰ ਫਿਰ ਸੁਪਰੀਮ ਕੋਰਟ ‘ਚ ਜਾਵੇਗਾ। ਸੁਪਰੀਮ ਕੋਰਟ ਨੇ ਹਾਲ ਹੀ ‘ਚ ਇਸ ਮਾਮਲੇ ‘ਤੇ ਸੁਣਵਾਈ ਕਰਦਿਆਂ ਦੇਸ਼ ਵਿਆਪੀ ਆਦੇਸ਼ ਜਾਰੀ ਕਰਨ ਲਈ ਹੇਠਲੀਆਂ ਅਦਾਲਤਾਂ ਦੀ ਸਮਰੱਥਾ ਸੀਮਿਤ ਕਰ ਦਿੱਤੀ ਸੀ।