-ਮੁਕਾਬਲੇ ਵਿਚ ਸ਼ੱਕੀ ਵੀ ਮਾਰਿਆ ਗਿਆ
ਸੈਕਰਾਮੈਂਟੋ, 3 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਦੇ ਸ਼ਹਿਰ ਡਲਾਸ ਵਿਚ ਸ਼ੱਕੀ ਵਿਅਕਤੀ ਨਾਲ ਹੋਏ ਮੁਕਾਬਲੇ ਦੌਰਾਨ ਇਕ ਪੁਲਿਸ ਅਫਸਰ ਦੀ ਮੌਤ ਹੋਣ, ਜਦਕਿ 2 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਜ਼ਖਮੀ ਪੁਲਿਸ ਅਫਸਰਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਮੁਕਾਬਲੇ ਦੌਰਾਨ ਸ਼ੱਕੀ ਵੀ ਮਾਰਿਆ ਗਿਆ। ਇਹ ਜਾਣਕਾਰੀ ਡਲਾਸ ਪੁਲਿਸ ਵਿਭਾਗ ਦੁਆਰਾ ਜਾਰੀ ਇਕ ਪ੍ਰੈੱਸ ਬਿਆਨ ਵਿਚ ਦਿੱਤੀ ਗਈ ਹੈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਪੁਲਿਸ ਅਫਸਰ ਦੇ ਸੰਕਟ ਵਿਚ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਰਾਤ 10 ਵਜੇ ਦੇ ਆਸ-ਪਾਸ ਓਕ ਕਲਿਫ ਖੇਤਰ ਵਿਚ ਪੁੱਜੀ, ਜਿਥੇ ਉਸ ਨੂੰ ਇਕ ਪੁਲਿਸ ਅਫਸਰ ਆਪਣੀ ਗਸ਼ਤੀ ਕਾਰ ‘ਚ ਜ਼ਖਮੀ ਹਾਲਤ ਵਿਚ ਮਿਲਿਆ। ਮੌਕੇ ‘ਤੇ ਪੁੱਜੇ ਪੁਲਿਸ ਅਫਸਰਾਂ ਤੇ ਸ਼ੱਕੀ ਵਿਚਾਲੇ ਹੋਈ ਗੋਲੀਬਾਰੀ ਦੌਰਾਨ 2 ਹੋਰ ਪੁਲਿਸ ਅਫਸਰ ਜ਼ਖਮੀ ਹੋ ਗਏ। ਜ਼ਖਮੀ ਪੁਲਿਸ ਅਫਸਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਇਕ ਦਮ ਤੋੜ ਗਿਆ, ਜਦਕਿ ਦੂਸਰੇ ਦੀ ਹਾਲਤ ਸਥਿਰ ਹੈ। ਬਿਆਨ ਅਨੁਸਾਰ ਤੀਸਰੇ ਪੁਲਿਸ ਅਫਸਰ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਮ੍ਰਿਤਕ ਤੇ ਜ਼ਖਮੀ ਪੁਲਿਸ ਅਫਸਰਾਂ ਦੇ ਨਾਂ ਜਨਤਕ ਨਹੀਂ ਕੀਤੇ ਹਨ ਤੇ ਨਾ ਹੀ ਸ਼ੱਕੀ ਦੀ ਸ਼ਨਾਖਤ ਬਾਰੇ ਕੁਝ ਕਿਹਾ ਹੈ। ਡਲਾਸ ਪੁਲਿਸ ਕਮਿਊਨੀਕੇਸ਼ਨਜ ਡਾਇਰੈਕਟਰ ਕ੍ਰਿਸਟਿਨ ਲੋਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਗੋਲੀਬਾਰੀ ਕਰਕੇ ਭੱਜੇ ਸ਼ੱਕੀ ਦਾ ਪੁਲਿਸ ਨੇ ਡਲਾਸ ਤੋਂ ਤਕਰੀਬਨ 30 ਮੀਲ ਦੂਰ ਲੈਵਿਸਵਿਲੇ ਤੱਕ ਪਿੱਛਾ ਕੀਤਾ। ਜਦੋਂ ਸ਼ੱਕੀ ਆਪਣੀ ਕਾਰ ਵਿਚੋਂ ਨਿਕਲਿਆ, ਤਾਂ ਉਸ ਕੋਲ ਇਕ ਲੰਬੀ ਗੰਨ ਸੀ। ਲੋਮੈਨ ਅਨੁਸਾਰ ਪੁਲਿਸ ਅਫਸਰਾਂ ਨੇ ਤੁਰੰਤ ਕਾਰਵਾਈ ਕਰਦਿਆਂ ਸ਼ੱਕੀ ਉਪਰ ਗੋਲੀ ਚਲਾਈ, ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡਲਾਸ ਤੇ ਲੈਵਿਸਵਿਲੇ ਦੋਨਾਂ ਥਾਵਾਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਕ ਪੁਲਿਸ ਅਫਸਰ ਦੇ ਮਾਰੇ ਜਾਣ ਤੇ 3 ਹੋਰਨਾਂ ਦੇ ਜ਼ਖਮੀ ਹੋ ਜਾਣ ‘ਤੇ ਬੇਹੱਦ ਦੁੱਖ ਪੁੱਜਾ ਹੈ। ਅਸੀਂ ਜ਼ਖਮੀ ਪੁਲਿਸ ਅਫਸਰਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ।