-ਦੰਗੇ ਕਰਨ ਦਾ ਲੱਗਾ ਦੋਸ਼
ਨਿਊਯਾਰਕ, 9 ਅਪ੍ਰੈਲ (ਪੰਜਾਬ ਮੇਲ)- 200 ਤੋਂ ਵੱਧ ਪ੍ਰਵਾਸੀ ਜੋ ਮੈਕਸੀਕੋ ਦੀ ਸਰਹੱਦ ਪਾਰ ਕਰ ਕੇ ਟੈਕਸਾਸ ਅਮਰੀਕਾ ਵਿਚ ਦਾਖਲ ਹੋਏ ਸਨ, ਉਨ੍ਹਾਂ ‘ਤੇ ਦੰਗੇ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਅਨੁਸਾਰ ਬੀਤੀ 21 ਮਾਰਚ, 2024 ਨੂੰ ਵਾਪਰੀ ਘਟਨਾ ਵਿਚ ਪ੍ਰਵਾਸੀਆਂ ਦਾ ਇੱਕ ਸਮੂਹ ਸਰਹੱਦ ਦੇ ਨਾਲ ਰੇਜ਼ਰ ਤਾਰ ਦੀ ਵਾੜ ਤੋੜ ਕੇ ਰੀਓ ਗ੍ਰਾਂਡੇ ਵਿਖੇ ਇੱਕ ਗੇਟ ਰਾਹੀਂ ਦਾਖਲ ਹੋਏ ਅਤੇ ਝਗੜੇ ਵਿਚ ਟੈਕਸਾਸ ਨੈਸ਼ਨਲ ਗਾਰਡ ਦੇ ਮੈਂਬਰਾਂ ਨੂੰ ਵੀ ਜ਼ਖਮੀ ਕਰ ਦਿੱਤਾ।
ਐਲਪਾਸੋ ਜ਼ਿਲ੍ਹਾ ਅਟਾਰਨੀ ਬਿਲ ਹਿਕਸ ਅਨੁਸਾਰ 9 ਪ੍ਰਵਾਸੀਆਂ ਨੇ ਰੇਜ਼ਰ ਤਾਰ ਕੱਟਣ ਤੋਂ ਬਾਅਦ ਨੈਸ਼ਨਲ ਗਾਰਡ ਦੇ ਮੈਂਬਰਾਂ ‘ਤੇ ਹਮਲਾ ਕੀਤਾ ਕਿਉਂਕਿ ਲਗਭਗ 1,000 ਪ੍ਰਵਾਸੀਆਂ ਨੇ ਸਰਹੱਦ ਪਾਰ ਕਰਨ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਸੀ। ਸਰਹੱਦ ‘ਤੇ ਹੋਏ ਦੰਗਿਆਂ ਦੇ ਕੁਝ ਹੈਰਾਨ ਕਰਨ ਵਾਲੇ ਦ੍ਰਿਸ਼ ਵੀ ਕੈਮਰੇ ‘ਚ ਕੈਦ ਹੋਏ, ਜੋ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ। ਬਾਰਡਰ ਰਿਪੋਰਟ ਡਾਟ ਕਾਮ ਦੀ ਇੱਕ ਰਿਪੋਰਟ ਅਨੁਸਾਰ 21 ਮਾਰਚ ਦੀ ਘਟਨਾ ਵਿਚ ਸ਼ਾਮਲ 222 ਪ੍ਰਵਾਸੀਆਂ ਦੀ ਪਛਾਣ ਕਰਨ ਤੋਂ ਬਾਅਦ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਨ੍ਹਾਂ ਸਾਰੇ ਪ੍ਰਵਾਸੀਆਂ ਦੇ ਸਰਹੱਦ ਪਾਰ ਕਰਨ ਤੋਂ ਬਾਅਦ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਗਰੁੱਪਾਂ ਵਿਚ ਵੰਡਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਹ ਪ੍ਰਵਾਸੀ ਆਪਣੇ ਸਮੂਹ ਤੋਂ ਵੱਖ ਹੋਣ ਤੋਂ ਨਾਰਾਜ਼ ਸਨ ਅਤੇ ਸਰਹੱਦ ‘ਤੇ ਦੰਗੇ ਕਰਨ ਲੱਗੇ। ਇਸ ਦੌਰਾਨ ਇਨ੍ਹਾਂ ਪ੍ਰਵਾਸੀਆਂ ਦੀ ਸਰਹੱਦ ‘ਤੇ ਤਾਇਨਾਤ ਗਾਰਡਾਂ ਨਾਲ ਵੀ ਝੜਪ ਹੋ ਗਈ ਅਤੇ ਇਕ ਗਾਰਡ ਦਾ ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਗਈ।