#AMERICA

ਅਮਰੀਕਾ ‘ਚ ਡਿਪੋਰਟੇਸ਼ਨ ਸਬੰਧੀ ਨੀਤੀਆਂ ‘ਚ ਨਰਮੀ ਦੇ ਸੰਕੇਤ

-ਆਮ ਇਮੀਗ੍ਰੈਂਟਸ ਲਈ ਰਾਹਤ
ਵਾਸ਼ਿੰਗਟਨ ਡੀ.ਸੀ., 1 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ‘ਚ ਡਿਪੋਰਟੇਸ਼ਨ ਸਬੰਧੀ ਨੀਤੀਆਂ ਵਿਚ ਕੁਝ ਨਰਮੀ ਦੇ ਸੰਕੇਤ ਮਿਲ ਰਹੇ ਹਨ, ਜੋ ਕਿ ਆਮ ਇਮੀਗ੍ਰੈਂਟਸ ਲਈ ਰਾਹਤ ਵਾਲੀ ਖ਼ਬਰ ਹੈ।
ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਮੁੱਖ ਤੌਰ ‘ਤੇ ਉਨ੍ਹਾਂ ਵਿਅਕਤੀਆਂ ‘ਤੇ ਫੋਕਸ ਕੀਤਾ ਜਾ ਰਿਹਾ ਹੈ, ਜੋ ਗੰਭੀਰ ਅਪਰਾਧਾਂ ਵਿਚ ਸ਼ਾਮਲ ਹਨ। ਇਸ ਨਾਲ ਉਹ ਲੋਕ ਜੋ ਕਾਨੂੰਨੀ ਤੌਰ ‘ਤੇ ਰਹਿ ਰਹੇ ਹਨ ਜਾਂ ਜਿਨ੍ਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ, ਉਨ੍ਹਾਂ ਨੂੰ ਕੁਝ ਸੁਰੱਖਿਆ ਮਿਲ ਸਕਦੀ ਹੈ।
ਇਹ ਨੀਤੀ ਕਮਿਊਨਿਟੀ ਵਿਚ ਡਰ ਨੂੰ ਘਟਾਉਣ ਅਤੇ ਲੋਕਾਂ ਨੂੰ ਆਤਮ-ਵਿਸ਼ਵਾਸ ਦੇਣ ਲਈ ਲਾਗੂ ਕੀਤੀ ਜਾ ਰਹੀ ਹੈ।
ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਕਾਨੂੰਨ ਦੀ ਪਾਲਣਾ ਵੀ ਹੋਵੇਗੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵੀ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਮਰੀਕਾ ਭਰ ਵਿਚ ‘ਨੋ ਕਿੰਗ’ ਪ੍ਰਦਰਸ਼ਨ ਹੋਏ, ਜਿਸ ਨਾਲ ਪ੍ਰਸ਼ਾਸਨ ਨੂੰ ਇੱਕ ਤਰ੍ਹਾਂ ਦੀ ਚਿੰਤਾ ਪੈਦਾ ਹੋ ਗਈ, ਜਿਸ ਕਰਕੇ ਉਹ ਇਹ ਕਦਮ ਚੁੱਕਣ ਲਈ ਮਜਬੂਰ ਹੋ ਗਏ।
ਅਮਰੀਕਾ ਤੇ ਯੂਰਪ ਦੇ ਇਲਾਕਿਆਂ ‘ਚ ਤਾਨਾਸ਼ਾਹੀ ਵਿਰੋਧੀ ਰੈਲੀਆਂ ‘ਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲੈ ਕੇ ਇਰਾਨ ਜੰਗ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਅਮਰੀਕਾ ਦਾ ਮਿਨੀਸੋਟਾ ਸੂਬਾ ਇਸ ਸੰਘਰਸ਼ ਦਾ ਮੁੱਖ ਕੇਂਦਰ ਬਣ ਕੇ ਉਭਰਿਆ ਹੈ, ਜਿੱਥੇ ਹਜ਼ਾਰਾਂ ਲੋਕਾਂ ਨੇ ਇਕਜੁੱਟਤਾ ਦਿਖਾਉਂਦਿਆਂ ਟਰੰਪ ਦੀਆਂ ਸਖ਼ਤ ਪਰਵਾਸ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਅਮਰੀਕਾ ਤੋਂ ਇਲਾਵਾ ਯੂਰਪ, ਲਾਤੀਨੀ ਅਮਰੀਕਾ, ਲੰਡਨ ਅਤੇ ਆਸਟ੍ਰੇਲੀਆ ਸਮੇਤ ਘੱਟੋ-ਘੱਟ 12 ਮੁਲਕਾਂ ‘ਚ ਵੀ ਰੋਸ ਮੁਜ਼ਾਹਰੇ ਹੋਏ।