– ਰੀੜ ਦੀ ਹੱਡੀ ਵਿਚ ਵੱਜੀ ਗੋਲੀ ਨੇ ਕੀਤਾ ਅਪਾਹਜ਼
ਸੈਕਰਾਮੈਂਟੋ, 30 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਮੌਂਟ ਰਾਜ ਵਿਚ ਬਰਲਿੰਗਟਨ ਵਿਖੇ ਬੀਤੇ ਦਿਨ ਇਕ ਸ਼ੱਕੀ ਗੋਰੇ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕੀਤੇ 3 ਫਲਸਤੀਨੀ ਕਾਲਜ ਵਿਦਿਆਰਥੀਆਂ ਵਿਚੋਂ ਇਕ ਉਮਰ ਭਰ ਲਈ ਆਪਣੀਆਂ ਲੱਤਾਂ ਨੂੰ ਹਿਲਾ ਨਹੀਂ ਸਕੇਗਾ ਕਿਉਂਕਿ ਉਸ ਦੀ ਰੀੜ ਦੀ ਹੱਡੀ ਵਿਚ ਵੱਜੀ ਗੋਲੀ ਫਸ ਗਈ ਹੈ। ਇਹ ਜਾਣਕਾਰੀ ਵਿਦਿਆਰਥੀ ਦੇ ਪਰਿਵਾਰ ਨੇ ਇਕ ਚੈਨਲ ਨੂੰ ਦਿੱਤੀ ਹੈ। 20 ਸਾਲਾ ਵਿਦਿਆਰਥੀ ਹੀਸ਼ਮ ਅਵਾਰਤਨੀ ਦੀ ਮਾਂ ਏਲੀਜ਼ਾਬੈਥ ਪ੍ਰਾਈਸ ਨੇ ਕਿਹਾ ਹੈ ਕਿ ਅਵਾਰਤਨੀ ਦੀ ਰੀਡ ਦੀ ਹੱਡੀ ਵਿਚ ‘ਲਾਇਲਾਜ਼’ ਜ਼ਖਮ ਹੈ, ਜਿਸ ਦਾ ਅਰਥ ਹੈ ਕਿ ਉਹ ਕੇਵਲ ਆਪਣੀ ਲੱਤਾਂ ਨੂੰ ਮਹਿਸੂਸ ਕਰ ਸਕੇਗਾ ਪਰੰਤੂ ਹਿਲਾ ਨਹੀਂ ਸਕੇਗਾ।
ਪ੍ਰਾਈਸ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਹੰਸਲੀ ਹੱਡੀ ਵੀ ਟੁੱਟ ਗਈ ਹੈ ਤੇ ਉਹ ਆਪਣੇ ਸਰੀਰ ਦੇ ਤਾਪਮਾਨ ਨੂੰ ਬਰਕਰਾਰ ਰੱਖਣ ਵਿਚ ਮੁਸ਼ਕਿਲ ਮਹਿਸੂਸ ਕਰ ਰਿਹਾ ਹੈ। ਪ੍ਰਾਈਸ ਨੇ ਕਿਹਾ ਕਿ ਜਾਰਡਨ ਦੇ ਬਾਦਸ਼ਾਹ ਅਬਦੁਲਾ-11 ਨੇ ਇਲਾਜ ਲਈ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਸ ਨੇ ਕਿਹਾ ਕਿ ਅਬਦੁਲਾ ਦੇ ਨਿੱਜੀ ਡਾਕਟਰ ਨੇ ਮਿਲ ਕੇ ਹੀਸ਼ਮ ਤੇ ਦੂਸਰੇ ਦੋ ਲੜਕਿਆਂ ਲਈ ਬਾਦਸ਼ਾਹ ਦੀ ਚਿੰਤਾ ਤੋਂ ਜਾਣੂ ਕਰਵਾਇਆ ਹੈ। ਪ੍ਰਾਈਸ ਨੇ ਆਸ ਪ੍ਰਗਟਾਈ ਹੈ ਕਿ ਬਾਦਸ਼ਾਹ ਇਕ ਮਾਹਿਰ ਨੂੰ ਅਮਰੀਕਾ ਭੇਜੇਗਾ, ਜਿਥੇ ਉਹ ਹੀਸ਼ਮ ਨੂੰ ਵੇਖ ਕੇ ਫੈਸਲਾ ਕਰੇਗਾ ਕਿ ਉਸ ਨੂੰ ਕਿਸ ਕਿਸਮ ਦੀ ਮਦਦ ਦੀ ਲੋੜ ਹੈ। ਇਸ ਤੋਂ ਪਹਿਲਾਂ ਪ੍ਰਾਈਸ ਨੇ ਕਿਹਾ ਸੀ ਕਿ ਉਸ ਦੇ ਪੁੱਤਰ ਦੀਆਂ ਲੱਤਾਂ ਕੰਮ ਕਰ ਲੱਗ ਜਾਣਗੀਆਂ, ਹਾਲਾਂਕਿ ਡਾਕਟਰਾਂ ਨੇ ਉਸ ਨੂੰ ਕਹਿ ਦਿੱਤਾ ਸੀ ਕਿ ਇਸ ਸਮੇਂ ਅਜਿਹਾ ਸੰਭਵ ਨਹੀਂ ਹੈ। ਪੁਲਿਸ ਨੇ ਇਸ ਮਾਮਲੇ ਵਿਚ ਜੇਸਨ ਈਟੋਨ (48) ਨਾਮੀ ਵਿਅਕਤੀ ਨੂੰ ਸ਼ੱਕੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਹੈ।