ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਇਕ ਪਾਸੇ ਅਮਰੀਕਾ ਈਰਾਨ ਨਾਲ ਜੰਗ ਦੀ ਤਿਆਰੀ ‘ਚ ਲੱਗਾ ਹੋਇਆ ਹੈ, ਉੱਥੇ ਹੀ ਦੇਸ਼ ICE ਅਧਿਕਾਰੀਆਂ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸੇਕ ਝੱਲ ਰਿਹਾ ਹੈ। ਇਸੇ ਤਣਾਅਪੂਰਨ ਸਥਿਤੀ ਦੌਰਾਨ ਅਮਰੀਕਾ ਵਿਚ ਸ਼ਨੀਵਾਰ ਤੜਕੇ ਤੋਂ ਅੰਸ਼ਿਕ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ ਹੈ। ਹਾਲਾਂਕਿ ਸੈਨੇਟ ਨੇ ਆਖਰੀ ਸਮੇਂ ‘ਤੇ ਸਰਕਾਰੀ ਫੰਡਿੰਗ ਬਿੱਲਾਂ ਦੇ ਇੱਕ ਸੋਧੇ ਹੋਏ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਸੀ, ਪਰ ਸਦਨ ਵੱਲੋਂ ਸੋਮਵਾਰ ਤੋਂ ਪਹਿਲਾਂ ਇਨ੍ਹਾਂ ਤਬਦੀਲੀਆਂ ਨੂੰ ਮਨਜ਼ੂਰੀ ਦਿੱਤੇ ਜਾਣ ਦੀ ਉਮੀਦ ਨਹੀਂ ਹੈ, ਜਿਸ ਕਾਰਨ ਇਹ ਸ਼ਟਡਾਊਨ ਵਾਲੀ ਸਥਿਤੀ ਪੈਦਾ ਹੋਈ ਹੈ।
ਹਾਲੇ ਕੁਝ ਸਮਾਂ ਪਹਿਲਾਂ ਹੀ ਇਤਿਹਾਸ ਦਾ ਸਭ ਤੋਂ ਵੱਡਾ ਸ਼ਟਡਾਊਨ ਸਹਿ ਚੁੱਕੇ ਅਮਰੀਕਾ ‘ਚ ਸੈਨੇਟ ਨੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ ਦੀ ਫੰਡਿੰਗ ਨੂੰ ਦੋ ਹਫਤਿਆਂ ਲਈ ਵੱਖ ਕਰਨ ਅਤੇ ਅੱਗੇ ਪਾਉਣ ਦਾ ਫੈਸਲਾ ਕੀਤਾ ਹੈ। ਇਸ ਸਮੇਂ ਦੌਰਾਨ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨਾਲ ਜੁੜੀਆਂ ਡੈਮੋਕਰੇਟਸ ਦੀਆਂ ਮੰਗਾਂ ‘ਤੇ ਗੱਲਬਾਤ ਕੀਤੀ ਜਾਵੇਗੀ।
ਡੈਮੋਕਰੇਟਿਕ ਲੀਡਰ ਚੱਕ ਸ਼ੂਮਰ ਨੇ ਮੰਗ ਕੀਤੀ ਹੈ ਕਿ ICE ਏਜੰਟਾਂ ਲਈ ਬਾਡੀ ਕੈਮਰੇ ਪਹਿਨਣੇ ਲਾਜ਼ਮੀ ਕੀਤੇ ਜਾਣ ਅਤੇ ਡਿਊਟੀ ਦੌਰਾਨ ਮਾਸਕ ਪਹਿਨਣ ‘ਤੇ ਪਾਬੰਦੀ ਲਗਾਈ ਜਾਵੇ। ਸ਼ੂਮਰ ਨੇ ਚਿਤਾਵਨੀ ਦਿੱਤੀ ਕਿ ਜੇਕਰ ICE ਦੀਆਂ ਕਾਰਵਾਈਆਂ ਵਿਚ ਅਸਲ ਤਬਦੀਲੀ ਨਹੀਂ ਲਿਆਂਦੀ ਜਾਂਦੀ, ਤਾਂ ਰਿਪਬਲਿਕਨਾਂ ਨੂੰ ਡੈਮੋਕਰੇਟਿਕ ਵੋਟਾਂ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਰਿਪਬਲਿਕਨ ਸੈਨੇਟਰ ਲਿੰਡਸੇ ਗ੍ਰਾਹਮ ਨੇ ਬਿੱਲ ‘ਤੇ ਆਪਣੀ ਰੋਕ ਉਦੋਂ ਹਟਾਈ ਜਦੋਂ ਸੈਨੇਟ ਦੇ ਬਹੁਮਤ ਨੇਤਾ ਜੌਨ ਥੂਨ ਨੇ ਆਉਣ ਵਾਲੇ ਹਫ਼ਤਿਆਂ ਵਿਚ ‘ਸੈਂਚੁਰੀ ਸਿਟੀਜ਼’ ‘ਤੇ ਪਾਬੰਦੀ ਲਗਾਉਣ ਸਬੰਧੀ ਵੋਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਹੁਣ ਇਹ ਬਿੱਲ ਸਪੀਕਰ ਮਾਈਕ ਜੌਹਨਸਨ ਵੱਲੋਂ ਹਾਊਸ ਵਿਚ ਪੇਸ਼ ਕੀਤਾ ਜਾਵੇਗਾ। ਇਸ ਨੂੰ ਪਾਸ ਕਰਨ ਲਈ ਦੋ-ਤਿਹਾਈ ਬਹੁਮਤ ਦੀ ਲੋੜ ਹੈ, ਜਿਸ ਲਈ ਰਿਪਬਲਿਕਨਾਂ ਅਤੇ ਡੈਮੋਕਰੇਟਸ ਦੋਵਾਂ ਦਾ ਸਹਿਯੋਗ ਜ਼ਰੂਰੀ ਹੈ, ਤਾਂ ਹੀ ਇਹ ਬਿੱਲ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਸਤਖਤਾਂ ਲਈ ਭੇਜਿਆ ਜਾ ਸਕੇਗਾ।
ਜ਼ਿਕਰਯੋਗ ਹੈ ਕਿ ਸੈਨੇਟ ਵਿਚ ਇਸ ਬਿੱਲ ਦੇ ਪੱਖ ਵਿਚ 71 ਅਤੇ ਵਿਰੋਧ ਵਿਚ 29 ਵੋਟਾਂ ਪਈਆਂ, ਜਿਸ ਵਿਚ ਸਿਰਫ 5 ਰਿਪਬਲਿਕਨ ਮੈਂਬਰਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ।
ਅਮਰੀਕਾ ‘ਚ ਅੰਸ਼ਿਕ ਸਰਕਾਰੀ ਸ਼ਟਡਾਊਨ ਲਾਗੂ!

