#AMERICA

ਅਮਰੀਕਾ ‘ਚ 2026 ਦੀ ਪਹਿਲੀ ਵੱਡੀ ਇੰਡੀਅਨ ਗੈਂਗਵਾਰ, ਲਾਰੈਂਸ ਗੈਂਗ ਦੇ ਸ਼ੂਟਰ ਦਾ ਕਤਲ

ਨਿਊਯਾਰਕ, 12 ਜਨਵਰੀ (ਪੰਜਾਬ ਮੇਲ)- ਅਮਰੀਕਾ ਵਿਚ ਸਾਲ 2026 ਦੀ ਪਹਿਲੀ ਵੱਡੀ ਇੰਡੀਅਨ ਗੈਂਗਵਾਰ ਸਾਹਮਣੇ ਆਈ ਹੈ, ਜਿਸ ਵਿਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਦੱਸੇ ਜਾਂਦੇ ਗੈਂਗਸਟਰ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, ਇਹ ਹਮਲਾ ਟਾਰਗੇਟ ਤਰੀਕੇ ਨਾਲ ਵਿਰੋਧੀ ਗੈਂਗਾਂ ਵੱਲੋਂ ਕੀਤਾ ਗਿਆ ਹੈ।
ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲੀ ਹੈ ਕਿ ਅਮਰੀਕਾ ਦੇ ਇੰਡੀਆਨਾ ਵਿਚ ਵੀਰੇਂਦਰ ਸੈਂਭੀ ਨਾਮ ਦੇ ਗੈਂਗਸਟਰ ਦਾ ਕਤਲ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਪੋਸਟ ਵਿਚ ਬਲਜੋਤ ਅਤੇ ਜੱਸਾ ਨਾਮ ਦੇ ਵਿਅਕਤੀਆਂ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮ੍ਰਿਤਕ ਲਾਰੈਂਸ ਬਿਸ਼ਨੋਈ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਹਿੱਸਾ ਸੀ ਅਤੇ ਅਮਰੀਕਾ ਵਿਚ ਰਹਿ ਕੇ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਸੀ।
ਸੋਸ਼ਲ ਮੀਡੀਆ ਪੋਸਟ ‘ਚ ਦੋਸ਼ ਲਾਇਆ ਗਿਆ ਹੈ ਕਿ ਮ੍ਰਿਤਕ ਲਾਰੈਂਸ ਦੇ ਨਾਮ ਦੀ ਵਰਤੋਂ ਕਰਕੇ ਉਗਰਾਹੀ ਕਰਦਾ ਸੀ ਅਤੇ ਟ੍ਰੇਲਰਾਂ ਦੀ ਚੋਰੀ ਕਰਵਾਉਂਦਾ ਸੀ। ਇਸ ਤੋਂ ਇਲਾਵਾ, ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮ੍ਰਿਤਕ ਨੇ ਪਹਿਲਾਂ ‘ਜੱਸਾ’ ‘ਤੇ ਫਾਇਰਿੰਗ ਕਰਵਾਈ ਸੀ, ਜਿਸ ਦਾ ਬਦਲਾ ਲੈਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਵਿਰੋਧੀ ਗੈਂਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਉਹ ਹੋਰ ਵੀ ‘ਸਰਪ੍ਰਾਈਜ਼’ ਦੇਣਗੇ।
ਇਸ ਘਟਨਾ ਤੋਂ ਬਾਅਦ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਭਾਰਤੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਹ ਕੈਨੇਡਾ, ਅਮਰੀਕਾ ਤੇ ਯੂਰਪ ‘ਚ ਭਾਰਤੀ ਗੈਂਗਾਂ ਵਿਚਾਲੇ ਵਧਦੀ ਦੁਸ਼ਮਣੀ ਦਾ ਸੰਕੇਤ ਹੈ। ਹਾਲਾਂਕਿ, ਅਮਰੀਕੀ ਏਜੰਸੀਆਂ ਨੇ ਅਜੇ ਤੱਕ ਮ੍ਰਿਤਕਾਂ ਦੀ ਅਧਿਕਾਰਤ ਪਛਾਣ ਜਨਤਕ ਨਹੀਂ ਕੀਤੀ ਹੈ।