#AMERICA

ਅਮਰੀਕਾ ‘ਚ 2 ਪੰਜਾਬੀ ਟਰੱਕ ਡਰਾਈਵਰ 7 ਮਿਲੀਅਨ ਡਾਲਰ ਦੀ ਕੋਕੀਨ ਸਣੇ ਕਾਬੂ

ਇੰਡੀਆਨਾ, 7 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਇੰਡੀਆਨਾ ਸਟੇਟ ਪੁਲਿਸ ਨੇ ਇੱਕ ਨਿਯਮਤ ਨਿਰੱਖਣ ਦੌਰਾਨ ਰਿਚਮੰਡ, ਇੰਡੀਆਨਾ ਜਾ ਰਹੇ ਇਕ ਸੈਮੀ ਟਰੱਕ ਵਿਚ 7 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਬਰਾਮਦ ਕੀਤੀ ਹੈ। ਇਸ ਦੇ ਸੰਬੰਧ ਵਿਚ 25 ਸਾਲਾ ਗੁਰਪ੍ਰੀਤ ਸਿੰਘ ਅਤੇ 30 ਸਾਲਾ ਜਸਵੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਪੁਲਿਸ ਵੱਲੋਂ I-70 ਅਤੇ 41 ਮੀਲ ਮਾਰਕਰ ਦੇ ਨੇੜੇ ਇਕ ਸੈਮੀ ਟਰੱਕ ਟ੍ਰੇਲਰ ਨੂੰ ਟ੍ਰੈਫਿਕ ਚੈੱਕਅੱਪ ਲਈ ਰੋਕਿਆ। ਰੂਟੀਨ ਚੈਕਿੰਗ ਦੌਰਾਨ ਇਸ ਟਰੱਕ ਦੇ ਸਲਿੱਪਰ ਬਰਥ ਵਿਚ 309 ਪੌਂਡ ਕੋਕੀਨ ਪ੍ਰਾਪਤ ਕੀਤੀ ਗਈ, ਜਿਸ ਦੀ ਕੀਮਤ 7 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ। ਇਹ ਟਰੱਕ ਜੌਪਲਿਨ, ਮਿਜ਼ੂਰੀ ਤੋਂ ਰਿਚਮੰਡ ਸ਼ਹਿਰ ਵੱਲ ਜਾ ਰਿਹਾ ਸੀ।
ਇੰਡਿਆਨਾ ਸਟੇਟ ਪੁਲਿਸ ਨੇ ਦੱਸਿਆ ਕਿ ਇੰਟਰਸਟੇਟ 70 ‘ਤੇ ਰੂਟੀਨ ਚੈਕਿੰਗ ਦੌਰਾਨ ਇਕ ਟ੍ਰੈਕਟਰ-ਟ੍ਰੇਲਰ ਨੂੰ ਰੋਕਿਆ ਗਿਆ ਅਤੇ ਡਰਾਈਵਰ ਨਾਲ ਗੱਲਬਾਤ ਕਰ ਰਹੇ ਅਫ਼ਸਰਾਂ ਨੂੰ ਉਹ ਘਬਰਾਹਟ ‘ਚ ਮਹਿਸੂਸ ਹੋਇਆ, ਜਿਸ ਮਗਰੋਂ ਕੇ-9 ਯੂਨਿਟ ਨੂੰ ਸੱਦਿਆ ਗਿਆ। ਸੂਹੀਆ ਕੁੱਤਿਆਂ ਨੇ ਕੁਝ ਹੀ ਪਲਾਂ ਵਿਚ ਸੁੰਘ ਕੇ ਦੱਸ ਦਿੱਤਾ ਕਿ ਟਰੱਕ ਵਿਚ ਨਸ਼ੀਲੇ ਪਦਾਰਥ ਮੌਜੂਦ ਹਨ।
ਨਸ਼ਿਆਂ ਦੀ ਵੱਡੀ ਖੇਪ ਸਾਹਮਣੇ ਆਉਂਦਿਆਂ ਹੀ ਟਰੱਕ ‘ਚ ਸਵਾਰ ਕੈਲੀਫੋਰਨੀਆ ਦੇ ਫ਼ਰਿਜ਼ਨੋ ਨਾਲ ਸਬੰਧਤ ਗੁਰਪ੍ਰੀਤ ਸਿੰਘ ਅਤੇ ਸੈਂਟਾ ਕਲਾਰਾ ਨਾਲ ਸਬੰਧਤ ਜਸਵੀਰ ਸਿੰਘ ਨੂੰ ਹੱਥਕੜੀਆਂ ਲਾ ਕੇ ਪਟਨਮ ਕਾਊਂਟੀ ਜੇਲ੍ਹ ਵਿਚ ਡੱਕ ਦਿੱਤਾ ਗਿਆ। ਦੋਹਾਂ ਵਿਰੁੱਧ ਮੁੱਢਲੇ ਤੌਰ ‘ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਲੱਗੇ ਪਰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਡਿਟੇਨਰ ਲਾ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੂੰ ਅਦਾਲਤੀ ਕਾਰਵਾਈ ਤੋਂ ਪਹਿਲਾਂ ਹੀ ਡਿਪੋਰਟ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਮਾਮਲੇ ‘ਚ ਗ੍ਰਿਫ਼ਤਾਰ ਸ਼ੱਕੀਆਂ ਨੂੰ ਉਦੋਂ ਤੱਕ ਬੇਕਸੂਰ ਮੰਨਿਆ ਜਾਂਦਾ ਹੈ, ਜਦੋਂ ਤੱਕ ਅਦਾਲਤ ਵਿਚ ਦੋਸ਼ ਸਾਬਤ ਨਾ ਹੋ ਜਾਣ। ਉਧਰ ਇੰਡਿਆਨਾ ਦੇ ਗਵਰਨਰ ਮਾਈਕ ਬਰੌਨ ਨੇ ਸਟੇਟ ਪੁਲਿਸ ਦੇ ਅਫ਼ਸਰਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸੂਬੇ ਵਿਚ ਨਸ਼ਾ ਤਸਕਰਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ।
ਪੁਲਿਸ ਵੱਲੋਂ ਕੋਕੀਨ ਦੇ ਸਰੋਤ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫ਼ਤਾਰੀਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਦੱਸ ਦੇਈਏ ਕਿ ਇਨ੍ਹਾਂ ਟਰੱਕ ਡਰਾਈਵਰਾਂ ਦੀ ਗ੍ਰਿਫ਼ਤਾਰੀ ਅਜਿਹੇ ਸਮੇਂ ਹੋਈ ਹੈ, ਜਦੋਂ ਇੰਮੀਗ੍ਰੇਸ਼ਨ ਸਟੇਟਸ ਪੱਖੋਂ ਅਮਰੀਕਾ ਵਿਚ ਕੱਚੇ ਪੰਜਾਬੀਆਂ ਨੂੰ ਟਰੱਕ ਡਰਾਈਵਿਗ ਦੇ ਕਿੱਤੇ ਤੋਂ ਦੂਰ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੇਲੇ ਅਮਰੀਕਾ ਤੋਂ ਕੈਨੇਡਾ ਤੱਕ ਗੇੜੇ ਲਾਉਣ ਵਾਲੇ ਡਰਾਈਵਰ ਹੁਣ ਸਿਰਫ਼ ਕੈਲੀਫੋਰਨੀਆ ਵਰਗੇ ਰਾਜਾਂ ਵਿਚ ਟਰੱਕ ਚਲਾਉਣ ਲਈ ਮਜਬੂਰ ਹੋ ਚੁੱਕੇ ਹਨ। ਹਿਰਾਸਤ ‘ਚ ਲਏ ਗਏ ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ।