ਅਬੂ ਧਾਬੀ/ਦੁਬਈ, 23 ਮਾਰਚ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿਚ ਇੱਕ ਮਿਜ਼ਾਈਲ ਹਮਲੇ ਦੌਰਾਨ ਭਾਰਤੀ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਰੋਤਾਂ ਅਨੁਸਾਰ ਅਬੂ ਧਾਬੀ ਦੇ ਅਲ ਸ਼ਵਾਮੇਖ ਇਲਾਕੇ ਵਿਚ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਮਾਰ ਗਿਰਾਏ ਗਏ ਇਕ ਮਿਜ਼ਾਈਲ ਦਾ ਮਲਬਾ ਡਿੱਗਣ ਕਾਰਨ ਇਕ ਭਾਰਤੀ ਨਾਗਰਿਕ ਮਾਮੂਲੀ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਵਾਈ ਰੱਖਿਆ ਪ੍ਰਣਾਲੀ ਨੇ ਆ ਰਹੀ ਇੱਕ ਬੈਲਿਸਟਿਕ ਮਿਜ਼ਾਈਲ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾ ਕੇ ਹਵਾ ਵਿਚ ਹੀ ਤਬਾਹ ਕਰ ਦਿੱਤਾ। ਹਾਲਾਂਕਿ ਮਿਜ਼ਾਈਲ ਦੇ ਟੁੱਟਣ ਤੋਂ ਬਾਅਦ ਉਸ ਦਾ ਮਲਬਾ ਰਿਹਾਇਸ਼ੀ ਇਲਾਕੇ ਵਿਚ ਜਾ ਡਿੱਗਿਆ, ਜਿਸ ਦੀ ਲਪੇਟ ਵਿੱਚ ਆਉਣ ਕਾਰਨ ਉੱਥੇ ਮੌਜੂਦ ਭਾਰਤੀ ਨਾਗਰਿਕ ਨੂੰ ਸੱਟਾਂ ਲੱਗੀਆਂ। ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ।
ਅਬੂ ਧਾਬੀ ਦੇ ਮੀਡੀਆ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਰਾਹੀਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਅਬੂ ਧਾਬੀ ‘ਚ ਮਿਜ਼ਾਈਲ ਹਮਲੇ ਦੌਰਾਨ ਭਾਰਤੀ ਨਾਗਰਿਕ ਜ਼ਖ਼ਮੀ

