#OTHERS

ਅਫਗਾਨਿਸਤਾਨ ਵੱਲੋਂ ਪਾਕਿਸਤਾਨ ‘ਤੇ ਜਵਾਬੀ ਹਮਲਾ

ਇਸਲਾਮਾਬਾਦ, 13 ਮਾਰਚ (ਪੰਜਾਬ ਮੇਲ)- ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਤਣਾਅ ਹੁਣ ਇੱਕ ਪੂਰਨ ਫੌਜੀ ਸੰਘਰਸ਼ ਵੱਲ ਵਧਦਾ ਦਿਖਾਈ ਦੇ ਰਿਹਾ ਹੈ। ਪਾਕਿਸਤਾਨੀ ਹਵਾਈ ਸੈਨਾ ਵੱਲੋਂ ਅਫਗਾਨਿਸਤਾਨ ‘ਚ ਕੀਤੀਆਂ ਗਈਆਂ ਏਅਰਸਟ੍ਰਾਈਕਾਂ ਦੇ ਜਵਾਬ ਵਿਚ, ਤਾਲਿਬਾਨ ਅਤੇ ‘ਅਫਗਾਨ ਡਿਫੈਂਸ ਫੋਰਸਿਜ਼’ ਨੇ ਕੁਝ ਹੀ ਘੰਟਿਆਂ ਵਿਚ ਇੱਕ ਭਿਆਨਕ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਫਗਾਨ ਸੈਨਾ ਦੇ ਡਰੋਨ ਪਾਕਿਸਤਾਨ ਦੇ ਕਈ ਸ਼ਹਿਰਾਂ ਵਿਚ ਦਾਖਲ ਹੋ ਗਏ ਅਤੇ ਉੱਥੇ ਜ਼ਬਰਦਸਤ ਹਮਲੇ ਕੀਤੇ ਗਏ ਹਨ।
ਅਫਗਾਨ ਤਾਲਿਬਾਨ ਦੇ ਸਰਹੱਦੀ ਸੁਰੱਖਿਆ ਬਲ ਦੇ ਬੁਲਾਰੇ, ਅਬਿਦੁੱਲਾ ਉਕਾਬ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਵਿਰੁੱਧ ਡਰੋਨ ਹਮਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਹਮਲਿਆਂ ਵਿਚ ਖਾਸ ਤੌਰ ‘ਤੇ ਪਾਕਿਸਤਾਨੀ ਫੌਜੀ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਵਿਚ ਕੋਹਾਟ ਦਾ ਸੈਂਟਰਲ ਕਮਾਂਡ, ਕੋਹਾਟ ਬ੍ਰਿਗੇਡ ਅਤੇ ਫੌਜੀ ਕੈਂਪ ਸ਼ਾਮਲ ਹਨ। ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਧਮਾਕਿਆਂ ਦੀਆਂ ਖਬਰਾਂ ਤੋਂ ਬਾਅਦ ਉੱਥੋਂ ਦਾ ਪ੍ਰਸ਼ਾਸਨ ਹਾਈ ਅਲਰਟ ‘ਤੇ ਹੈ।
ਇਹ ਜਵਾਬੀ ਕਾਰਵਾਈ ਪਾਕਿਸਤਾਨ ਵੱਲੋਂ ਵੀਰਵਾਰ ਦੇਰ ਰਾਤ ਅਤੇ ਸ਼ੁੱਕਰਵਾਰ ਤੜਕੇ ਅਫਗਾਨਿਸਤਾਨ ਦੇ ਕਈ ਸੂਬਿਆਂ ‘ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਹੋਈ ਹੈ। ਪਾਕਿਸਤਾਨੀ ਹਮਲਿਆਂ ਵਿਚ ਕੰਧਾਰ ਦੇ ਫਿਊਲ ਡਿਪੂ ਸਮੇਤ ਕਈ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਤਾਲਿਬਾਨ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ”ਸਾਡੀ ਜ਼ਮੀਨ ‘ਤੇ ਹੋਣ ਵਾਲੇ ਹਰ ਹਮਲੇ ਦਾ ਜਵਾਬ ਹੁਣ ਉਨ੍ਹਾਂ ਦੀ ਆਪਣੀ ਜ਼ਮੀਨ ‘ਤੇ ਦਿੱਤਾ ਜਾਵੇਗਾ”।
ਤਾਲਿਬਾਨ ਨੇ ਪਾਕਿਸਤਾਨ ਨੂੰ ‘ਡੇਥ ਵਾਰੰਟ’ ਜਾਰੀ ਕਰਦਿਆਂ ਇਸਲਾਮਾਬਾਦ, ਕਰਾਚੀ ਅਤੇ ਕੁਏਟਾ ਵਰਗੇ ਵੱਡੇ ਸ਼ਹਿਰਾਂ ਨੂੰ ਦਹਿਲਾਉਣ ਦੀ ਧਮਕੀ ਦਿੱਤੀ ਹੈ। ਸਰਹੱਦੀ ਇਲਾਕਿਆਂ ਵਿਚ ਭਾਰੀ ਗੋਲਾਬਾਰੀ ਅਤੇ ਫੌਜੀ ਹਲਚਲ ਵਧ ਗਈ ਹੈ। ਰੱਖਿਆ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਜੰਗਬੰਦੀ ਨਾ ਹੋਈ, ਤਾਂ ਇਹ ਝੜਪ ਇੱਕ ਵੱਡੇ ਖੇਤਰੀ ਯੁੱਧ ਵਿਚ ਤਬਦੀਲ ਹੋ ਸਕਦੀ ਹੈ।