-ਮੋਹਾਲੀ ‘ਚ ਹੋਵੇਗਾ ਪਹਿਲਾ ਮੈਚ
ਮੋਹਾਲੀ, 8 ਜਨਵਰੀ (ਪੰਜਾਬ ਮੇਲ)- ਅਫਗਾਨਿਸਤਾਨ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਭਾਰਤ ਨੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। 16 ਮੈਂਬਰੀ ਟੀਮ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਮੁੜ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਕਈ ਨਵੇਂ ਚਿਹਰਿਆਂ ਦੇ ਨਾਲ ਟੀਮ ਵਿਚ ਸਟਾਰ ਤੇਜ਼ ਗੇਂਦਬਾਜ਼ ਪੰਜਾਬ ਦੇ ਅਰਸ਼ਦੀਪ ਸਿੰਘ ਨੂੰ ਵੀ ਥਾਂ ਮਿਲੀ ਹੈ। ਪਰ ਹਾਰਦਿਕ ਪਾਂਡਿਆ ਅਤੇ ਸੂਰਿਆਕੁਮਾਰ ਯਾਦਵ ਨੂੰ ਟੀਮ ਵਿਚੋਂ ਬਾਹਰ ਰੱਖਿਆ ਗਿਆ ਹੈ।
11 ਜਨਵਰੀ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ ਦੇ ਪੀ.ਸੀ.ਏ. ਸਟੇਡੀਅਮ ਵਿਚ ਖੇਡਿਆ ਜਾਣਾ ਹੈ, ਜਿਸ ਲਈ ਪਹਿਲਾਂ ਰੋਹਿਤ ਅਤੇ ਕੋਹਲੀ ਨੂੰ ਲੈ ਕੇ ਚਰਚਾ ਸੀ ਕਿ ਸੀਰੀਜ਼ ‘ਚ ਮੌਕਾ ਮਿਲੇਗਾ ਜਾਂ ਨਹੀਂ। ਪਰ ਹੁਣ ਦੋਵਾਂ ਖਿਡਾਰੀਆਂ ਦੀ ਵਾਪਸੀ ਤੋਂ ਬਾਅਦ ਚੋਣਕਰਤਾਵਾਂ ਨੇ ਸੰਦੇਸ਼ ਦਿੱਤਾ ਹੈ ਕਿ ਦੋਵੇਂ ਟੀ-20 ਵਿਸ਼ਵ ਕੱਪ ‘ਚ ਵੀ ਖੇਡਦੇ ਵਿਖਾਈ ਦੇ ਸਕਦੇ ਹਨ।
ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਹੁਣ ਤੱਕ ਇਸ ਤੋਂ ਉਭਰ ਨਹੀਂ ਸਕੇ ਹਨ। ਜਦਕਿ ਸੂਰਿਆਕੁਮਾਰ ਯਾਦਵ ਦੱਖਣੀ ਅਫਰੀਕਾ ਦੌਰੇ ਦੌਰਾਨ ਸੱਟ ਕਾਰਨ ਚੋਣ ਲਈ ਉਪਲਬਧ ਨਹੀਂ ਸੀ। ਵਿਕਟਕੀਪਰ ਈਸ਼ਾਨ ਕਿਸ਼ਨ ਦਾ ਨਾਂ ਵੀ ਟੀਮ ‘ਚ ਸ਼ਾਮਲ ਨਹੀਂ ਹੈ। ਸੰਜੂ ਸੈਮਸਨ ਅਤੇ ਜਿਤੇਸ਼ ਸ਼ਰਮਾ ਵਿਕਟਕੀਪਰ ਵਜੋਂ ਅਫਗਾਨਿਸਤਾਨ ਟੀ-20 ਟੀਮ ਦਾ ਹਿੱਸਾ ਹਨ।
ਭਾਰਤੀ ਟੀਮ 11 ਜਨਵਰੀ ਨੂੰ ਮੋਹਾਲੀ ‘ਚ ਅਫਗਾਨਿਸਤਾਨ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਖੇਡੇਗੀ। ਦੂਜਾ ਮੈਚ ਇੰਦੌਰ ‘ਚ ਖੇਡਿਆ ਜਾਣਾ ਹੈ, ਜਦਕਿ ਇਸ ਸੀਰੀਜ਼ ਦਾ ਆਖਰੀ ਟੀ-20 ਮੈਚ 17 ਜਨਵਰੀ ਨੂੰ ਬੈਂਗਲੁਰੂ ‘ਚ ਖੇਡਿਆ ਜਾਵੇਗਾ। ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ ਸਿਰਫ 5 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਗਏ ਹਨ। ਇਨ੍ਹਾਂ ‘ਚੋਂ ਟੀਮ ਇੰਡੀਆ ਨੇ 4 ਮੈਚ ਜਿੱਤੇ ਹਨ, ਜਦਕਿ ਇਕ ਮੈਚ ਨਹੀਂ ਖੇਡਿਆ ਜਾ ਸਕਿਆ ਹੈ।
ਚੁਣੀ ਗਈ ਭਾਰਤੀ ਟੀਮ ‘ਚ ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਵੇਸ਼ ਖਾਨ, ਮੁਕੇਸ਼ ਕੁਮਾਰ ਸ਼ਾਮ ਹਨ।