ਕਾਬੁਲ, 9 ਮਾਰਚ (ਪੰਜਾਬ ਮੇਲ)- ਅਫਗਾਨਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲਖ ਸੂਬੇ ‘ਚ ਹੋਏ ਇਕ ਧਮਾਕੇ ‘ਚ ਤਾਲਿਬਾਨ ਦੇ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਇੱਥੇ ਇੱਕ ਬੰਬ ਧਮਾਕੇ ਵਿੱਚ ਤਾਲਿਬਾਨ ਦਾ ਇੱਕ ਨੇਤਾ ਮਾਰਿਆ ਗਿਆ। ਏਐਫਪੀ ਨਿਊਜ਼ ਏਜੰਸੀ ਨੇ ਪੁਲਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਬਲਖ ਪੁਲਸ ਦੇ ਬੁਲਾਰੇ ਆਸਿਫ਼ ਵਜ਼ੀਰੀ ਨੇ ਏਐਫਪੀ ਨੂੰ ਦੱਸਿਆ ਕਿ “ਅੱਜ ਸਵੇਰੇ ਬਲਖ ਦੇ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਸਮੇਤ ਦੋ ਲੋਕ ਇੱਕ ਧਮਾਕੇ ਵਿੱਚ ਮਾਰੇ ਗਏ ਹਨ।” ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਧਮਾਕਾ ਤਾਲਿਬਾਨ ਦੇ ਗਵਰਨਰ ਦੇ ਦਫ਼ਤਰ ਨੇੜੇ ਹੋਇਆ, ਜੋ ਮਜ਼ਾਰ-ਏ-ਸ਼ਰੀਫ਼ ਸ਼ਹਿਰ ਵਿੱਚ ਸਥਿਤ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਤਾਲਿਬਾਨ ਵਿਰੋਧੀ ਸਮੂਹ ਨੇ ਕੀਤਾ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।