-10 ਜਨਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਸੈਕਰਾਮੈਂਟੋ, 7 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨਿਊਯਾਰਕ ਦੀ ਇਕ ਅਦਾਲਤ ਨੇ ਪਿਛਲੇ ਸਾਲ 30 ਮਈ ਨੂੰ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਸਟੌਰਮੀ ਡੈਨੀਅਲ ਨੂੰ ਪਰਦੇ ਪਿੱਛੇ ਕੀਤੀ ਅਦਾਇਗੀ ਨੂੰ ਛੁਪਾਉਣ ਲਈ ਬਣਾਏ ਫਰਜ਼ੀ ਕਾਰੋਬਾਰੀ ਲੇਖੇ-ਜੋਖੇ ਦੇ ਮਾਮਲੇ ‘ਚ ਡੋਨਾਲਡ ਟਰੰਪ ਨੂੰ ਦੋਸ਼ੀ ਕਰਾਰ ਦੇਣ ਦੇ ਫੈਸਲੇ ਨੂੰ ਬਹਾਲ ਰਖਿਆ ਹੈ। ਜੱਜ ਨੇ ਕਿਹਾ ਹੈ ਕਿ ਸਜ਼ਾ 10 ਜਨਵਰੀ ਨੂੰ ਸੁਣਾਈ ਜਾਵੇਗੀ ਪਰੰਤੂ ਉਨ੍ਹਾਂ ਨੂੰ ਜੇਲ੍ਹ ਨਹੀਂ ਜਾਣਾ ਪਵੇਗਾ ਤੇ ਨਾ ਹੀ ਕੋਈ ਪਰਖ ਸਮਾਂ ਤੈਅ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਟਰੰਪ ਵੱਲੋਂ ਚੋਣਾਂ ਤੱਕ ਸਜ਼ਾ ਸੁਣਾਏ ਜਾਣ ਨੂੰ ਅੱਗੇ ਪਾਉਣ ਦੀ ਕੀਤੀ ਬੇਨਤੀ ‘ਤੇ ਜੱਜ ਜੁਆਨ ਮਰਚਨ ਨੇ ਸਹਿਮਤੀ ਪ੍ਰਗਟਾਈ ਸੀ। ਜੱਜ ਨੇ ਕਿਹਾ ਕਿ ”20 ਜਨਵਰੀ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਟਰੰਪ ਨੂੰ ਸਜ਼ਾ ਸੁਣਾਏ ਜਾਣ ਦੇ ਅਮਲ ਨੂੰ ਰੋਕਣ ਦਾ ਕੋਈ ਕਾਨੂੰਨੀ ਕਾਰਨ ਮੌਜੂਦ ਨਹੀਂ ਹੈ। 20 ਜਨਵਰੀ, 2025 ਤੋਂ ਪਹਿਲਾਂ ਮਾਮਲੇ ਨੂੰ ਨਿਪਟਾਉਣਾ ਇਸ ਅਦਾਲਤ ਉਪਰ ਨਿਰਭਰ ਕਰਦਾ ਹੈ।” ਜੱਜ ਨੇ ਆਪਣੇ ਫੈਸਲੇ ਵਿਚ ਹੋਰ ਕਿਹਾ ਕਿ ਬਿਨਾਂ ਸ਼ਰਤ ਮਾਮਲੇ ਦਾ ਨਿਬੇੜਾ ਸਭ ਤੋਂ ਵਧ ਯੋਗ ਹੱਲ ਹੈ। ਨਿਊਯਾਰਕ ਦੇ ਕਾਨੂੰਨ ਅਨੁਸਾਰ ਇਸ ਦਾ ਅਰਥ ਹੈ ਕੈਦ, ਜੁਰਮਾਨੇ ਜਾਂ ਪਰਖ ਸਮੇ ਤੋਂ ਬਿਨਾਂ ਸਜ਼ਾ ਸੁਣਾਉਣੀ। ਦੂਸਰੇ ਪਾਸੇ ਟਰੰਪ ਦੇ ਬੁਲਾਰੇ ਸਟੀਵਨ ਚੇਉਂਗ ਨੇ ਜੱਜ ਦੇ ਫੈਸਲੇ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਉਸ ਫੈਸਲੇ ਦੀ ਸਿੱਧੀ ਉਲੰਘਣਾ ਕਰਾਰ ਦਿੱਤਾ ਹੈ, ਜਿਸ ਵਿਚ ਸਰਵਉੱਚ ਅਦਾਲਤ ਨੇ ਸਪੱਸ਼ਟ ਕੀਤਾ ਸੀ ਕਿ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਡਿਊਟੀ ਨਾਲ ਸਬੰਧਿਤ ਅਪਰਾਧਿਕ ਦੋਸ਼ਾਂ ਤੋਂ ਸਾਬਕਾ ਰਾਸ਼ਟਰਪਤੀ ਮੁਕਤ ਹਨ। ਮੈਨਹਟਨ ਡਿਸਟ੍ਰਿਕਟ ਅਟਾਰਨੀ ਐਲਵਿਨ ਬਰਾਗ ਨੇ ਕਿਹਾ ਹੈ ਕਿ ਟਰੰਪ ਦੁਆਰਾ ਆਪਣੇ ਵਕੀਲ ਮਾਈਕਲ ਕੋਹੇਨ ਰਾਹੀਂ ਡੈਨੀਅਲ ਨੂੰ ਕੀਤੀ ਗਈ ਅਦਾਇਗੀ ਰਾਸ਼ਟਰਪਤੀ ਦੇ ਸਰਕਾਰੀ ਕੰਮਕਾਜ਼ ਦੇ ਖੇਤਰ ਵਿਚ ਨਹੀਂ ਆਉਂਦੀ।