ਲੁਧਿਆਣਾ, 3 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਨੇਤਾਵਾਂ ਨਾਲ ਲੰਬੀਆਂ-ਚੌੜੀਆਂ ਮੀਟਿੰਗਾਂ ਕੀਤੀਆਂ ਹਨ ਅਤੇ ਸਾਰੇ ਆਗੂਆਂ ਦੇ ਵਿਚਾਰ ਵੀ ਸੁਣੇ ਹਨ ਪਰ ਭਾਜਪਾ ਨਾਲੋਂ ਵੱਖ ਹੋਣ ‘ਤੇ ਪਹਿਲੀ ਵਾਰ ਪੰਜਾਬ ‘ਚ ਲੋਕ ਸਭਾ ਦੀ ਚੋਣ ਲੜਾਉਣ ਜਾ ਰਹੇ ਹਨ। ਸੁਖਬੀਰ ਬਾਦਲ ਨੇ 13 ‘ਚੋਂ 10 ਸੀਟਾਂ ਲਈ ਉਮੀਦਵਾਰਾਂ ਦੇ ਨਾਂ ਲਗਭਗ ਤੈਅ ਕਰ ਲੈਣ ਦੀਆਂ ਖ਼ਬਰਾਂ ਹਨ।
ਪਤਾ ਲੱਗਾ ਹੈ ਕਿ ਬਠਿੰਡੇ ਤੋਂ ਬੀਬਾ ਹਰਸਿਮਰਤ ਕੌਰ ਬਾਦਲ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰੋ. ਚੰਦੂਮਾਜਰਾ ਜਾਂ ਡਾ. ਚੀਮਾ, ਜਲੰਧਰ ਤੋਂ ਪਵਨ ਟੀਨੂ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਖਡੂਰ ਸਾਹਿਬ ਤੋਂ ਬਿਕਰਮ ਮਜੀਠੀਆ, ਫਿਰੋਜ਼ਪੁਰ ਤੋਂ ਰੋਜ਼ੀ ਮਾਨ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਜਾਂ ਕਾਕਾ ਸੂਦ, ਫ਼ਤਿਹਗੜ੍ਹ ਸਾਹਿਬ ਤੋਂ ਬਿਕਰਮ ਸਿੰਘ ਖਾਲਸਾ, ਜਦੋਂਕਿ 3 ਹਲਕੇ ਫਰੀਦਕੋਟ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਬਾਰੇ ਅਜੇ ਉਹ ਗੰਭੀਰਤਾ ਨਾਲ ਸੋਚਦੇ ਦੱਸੇ ਜਾ ਰਹੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਉਕਤ ਉਮੀਦਵਾਰ ਚੋਣ ਲੜਨ ਦੇ ਦਾਅਵੇਦਾਰਾਂ ਨੂੰ ਅੰਦਰਖਾਤੇ ਝੰਡੀ ਦੇ ਦਿੱਤੀ ਹੈ। ਖ਼ਬਰ ਇਹ ਵੀ ਹੈ ਕਿ ਚੋਣਾਂ ‘ਚ ਅਜੇ ਸਮਾਂ ਹੋਣ ਕਰਕੇ ਇਨ੍ਹਾਂ ਦੇ ਨਾਵਾਂ ਦਾ ਐਲਾਨ ਸੁਖਬੀਰ ਮੌਕਾ ਦੇਖ ਕੇ ਕਰਨਗੇ।