#INDIA

X’ ਨੇ ਕੀਤਾ ਦਾਅਵਾ, ਖਾਸ ਖਾਤਿਆਂ ਅਤੇ ਪੋਸਟਾਂ ਨੂੰ ਬਲੌਕ ਕਰਨ ਲਈ ਸਰਕਾਰੀ ਆਦੇਸ਼ ਹੋਏ ਪ੍ਰਾਪਤ

ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)-  ਐਲੋਨ ਮਸਕ ਦੇ ‘X’ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਖਾਸ ਖਾਤਿਆਂ ਅਤੇ ਪੋਸਟਾਂ ਨੂੰ ਬਲੌਕ ਕਰਨ ਲਈ ਸਰਕਾਰੀ ਆਦੇਸ਼ ਪ੍ਰਾਪਤ ਹੋਏ ਹਨ। ਐਕਸ ਨੇ ਇਸ ਹੁਕਮ ਨੂੰ ਸਵੀਕਾਰ ਕਰ ਲਿਆ ਹੈ ਪਰ ਇਸ ਨਾਲ ਅਸਹਿਮਤੀ ਵੀ ਪ੍ਰਗਟਾਈ ਹੈ। ਹਾਲਾਂਕਿ, ਸਰਕਾਰ ਨੇ ਅਜੇ ਤੱਕ ਐਕਸ ਦੇ ਦਾਅਵਿਆਂ ਦਾ ਜਵਾਬ ਨਹੀਂ ਦਿੱਤਾ ਹੈ। ਐਕਸ ਦੀ ਗਲੋਬਲ ਗਵਰਨਮੈਂਟ ਅਫੇਅਰਜ਼ ਟੀਮ ਨੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

ਸਰਕਾਰੀ ਮਾਮਲਿਆਂ ਦੀ ਟੀਮ ਨੇ ਲਿਖਿਆ – “ਭਾਰਤ ਸਰਕਾਰ ਨੇ ਕਾਰਜਕਾਰੀ ਆਦੇਸ਼ ਜਾਰੀ ਕੀਤੇ ਹਨ, ਜਿਸ ਵਿੱਚ ਕੁਝ ਐਕਸ ਅਕਾਉਂਟ ਖਾਤਿਆਂ ਅਤੇ ਪੋਸਟਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਹਨਾਂ ਖਾਤਿਆਂ ‘ਤੇ ਜੁਰਮਾਨਾ ਅਤੇ ਇੱਥੋਂ ਤੱਕ ਕਿ ਜੇਲ੍ਹ ਦੀ ਸਜ਼ਾ ਵਰਗੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਦੀ ਪਾਲਣਾ ਕਰਦੇ ਹੋਏ, ਅਸੀਂ ਇਹਨਾਂ ਖਾਤਿਆਂ ਅਤੇ ਪੋਸਟਾਂ ਨੂੰ ਭਾਰਤ ਵਿੱਚ ਹੀ ਬਲੌਕ ਕਰਾਂਗੇ।

ਹਾਲਾਂਕਿ, ਅਸੀਂ ਇਹਨਾਂ ਕਾਰਵਾਈਆਂ ਨਾਲ ਅਸਹਿਮਤ ਹਾਂ ਅਤੇ ਮੰਨਦੇ ਹਾਂ ਕਿ ਬੋਲਣ ਦੀ ਆਜ਼ਾਦੀ ਇਹਨਾਂ ਪੋਸਟਾਂ ਤੱਕ ਫੈਲਣੀ ਚਾਹੀਦੀ ਹੈ। ਅਸੀਂ ਸਾਡੀਆਂ ਨੀਤੀਆਂ ਅਨੁਸਾਰ ਪ੍ਰਭਾਵਿਤ ਉਪਭੋਗਤਾਵਾਂ ਨੂੰ ਇਹਨਾਂ ਕਾਰਵਾਈਆਂ ਦਾ ਨੋਟਿਸ ਵੀ ਪ੍ਰਦਾਨ ਕੀਤਾ ਹੈ। ਕਾਨੂੰਨੀ ਪਾਬੰਦੀਆਂ ਦੇ ਕਾਰਨ ਅਸੀਂ ਕਾਰਜਕਾਰੀ ਆਦੇਸ਼ਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਅਸਮਰੱਥ ਹਾਂ, ਪਰ ਸਾਡਾ ਮੰਨਣਾ ਹੈ ਕਿ ਪਾਰਦਰਸ਼ਤਾ ਦੀ ਖ਼ਾਤਰ ਉਹਨਾਂ ਨੂੰ ਜਨਤਕ ਕਰਨਾ ਜ਼ਰੂਰੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਸਰਕਾਰ ਅਜਿਹੀਆਂ ਵਿਵਾਦਗ੍ਰਸਤ ਅਕਾਊਂਟ ਜਾਂ ਸੋਸ਼ਲ ਮੀਡੀਆ ਖਾਤਿਆਂ ਨੂੰ ਬਲਾਕ ਕਰਨ ਦੇ ਆਦੇਸ਼ ਦਿੰਦੀ ਹੈ, ਜਿਸ ਨਾਲ ਸਮਾਜਿਕ ਸਦਭਾਵਨਾ ਵਿਗੜਨ ਦਾ ਖਤਰਾ ਹੁੰਦਾ ਹੈ। ਇਸ ਸਬੰਧ ਵਿਚ ਐਕਸ ਨੂੰ ਹੀ ਸਭ ਤੋਂ ਵੱਧ ਆਦੇਸ਼ ਪ੍ਰਾਪਤ ਹੁੰਦੇ ਹਨ। ਇਸ ਤੋਂ ਪਹਿਲਾਂ ਜਦੋਂ ਐਕਸ ਦਾ ਨਾਂ ਟਵਿੱਟਰ ਸੀ, ਉਦੋਂ ਵੀ ਭਾਰਤ ਸਰਕਾਰ ਅਜਿਹੇ ਹੁਕਮ ਜਾਰੀ ਕਰਦੀ ਸੀ। ਇਸ ਤੋਂ ਪਹਿਲਾਂ ਵੀ ਐਕਸ ਨੇ ਸਰਕਾਰੀ ਹੁਕਮਾਂ ਦਾ ਪਾਲਣ ਕਰਦੇ ਹੋਏ ਖਾਤੇ ਨੂੰ ਬਲਾਕ ਕਰਨ ਬਾਰੇ ਅਸਹਿਮਤੀ ਪ੍ਰਗਟਾਈ ਹੈ।