#INDIA

W.H.O. ਵੱਲੋਂ 3 cough syrup ਨੂੰ ਲੈ ਕੇ ਚਿਤਾਵਨੀ ਜਾਰੀ

-ਡਬਲਯੂ.ਐੱਚ.ਓ. ਨੇ ਛਿੰਦਵਾੜਾ ‘ਚ ਬੱਚਿਆਂ ਦੀ ਮੌਤ ‘ਤੇ ਲਿਆ ਸਖ਼ਤ ਨੋਟਿਸ
ਨਵੀਂ ਦਿੱਲੀ, 15 ਅਕਤੂਬਰ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ (W.H.O.) ਨੇ ਸੋਮਵਾਰ ਨੂੰ ਜ਼ਹਿਰੀਲੇ ਖੰਘ ਦੇ ਸਿਰਪਾਂ ਬਾਰੇ ਸਲਾਹ ਜਾਰੀ ਕੀਤੀ। ਇਸ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ਾਂ ਵਿਚ ਇਨ੍ਹਾਂ ਦਵਾਈਆਂ ਦੀ ਸੂਚਨਾ ਸਿਹਤ ਏਜੰਸੀ ਨੂੰ ਦੇਣ।
ਦਰਅਸਲ, ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਵਿਚ ਕੋਲਡਰਿਫ ਸਿਰਪ ਦਾ ਸੇਵਨ ਕਰਨ ਤੋਂ ਬਾਅਦ 23 ਨਵਜੰਮੇ ਬੱਚਿਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਭਾਰਤ ਦੀਆਂ ਕਈ ਰਾਜ ਸਰਕਾਰਾਂ ਨੇ ਕਫ ਸਿਰਪ ‘ਤੇ ਪਾਬੰਦੀ ਲਗਾ ਦਿੱਤੀ ਹੈ। ਡਬਲਯੂ.ਐੱਚ.ਓ. ਨੇ ਵੀ ਕਫ ਸਿਰਫ ਨੂੰ ਲੈ ਕੇ ਨੋਟਿਸ ਲਿਆ ਹੈ।
W.H.O. ਨੇ ਕਿਹਾ ਕਿ ਪ੍ਰਭਾਵਿਤ ਦਵਾਈਆਂ ਸ਼੍ਰੀਸਨ ਫਾਰਮਾਸਿਊਟੀਕਲਜ਼ ਤੋਂ ਕੋਲਡਰਿਫ, ਰੈੱਡਨੇਕਸ ਫਾਰਮਾਸਿਊਟੀਕਲਜ਼ ਤੋਂ ਰੈਸਪੀਫ੍ਰੈਸ਼ ਟੀਆਰ ਅਤੇ ਸ਼ੇਪ ਫਾਰਮਾ ਤੋਂ ਰੀਲਾਈਫ ਦੇ ਖਾਸ ਬੈਚ ਹਨ।
ਸਿਹਤ ਏਜੰਸੀ ਨੇ ਕਿਹਾ ਕਿ ਜ਼ਹਿਰੀਲੇ ਉਤਪਾਦ ਇੱਕ ਗੰਭੀਰ ਜ਼ੋਖਿਮ ਪੈਦਾ ਕਰਦੇ ਹਨ ਤੇ ਗੰਭੀਰ ਸੰਭਾਵੀ ਤੌਰ ‘ਤੇ ਘਾਤਕ ਬਿਮਾਰੀ ਦਾ ਕਾਰਨ ਬਣ ਸਕਦੇ ਹਨ।
ਇਸ ਦੌਰਾਨ ਭਾਰਤ ਦੀ ਸਿਹਤ ਅਥਾਰਿਟੀ, ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਸੂਚਿਤ ਕੀਤਾ ਕਿ ਇਹ ਸਿਰਪ ਕਥਿਤ ਤੌਰ ‘ਤੇ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੁਆਰਾ ਪੀਤਾ ਜਾਂਦਾ ਸੀ। ਇਸ ਖੰਘ ਦੀ ਦਵਾਈ ਵਿਚ ਜ਼ਹਿਰੀਲੇ ਡਾਈਥਾਈਲੀਨ ਗਲਾਈਕੋਲ ਦੀ ਮਾਤਰਾ ਤੈਅ ਸੀਮਾ ਤੋਂ ਕਰੀਬ ਲਗਪਗ 500 ਗੁਣਾ ਵੱਧ ਸੀ।
ਹਾਲਾਂਕਿ ਸੀ.ਡੀ.ਐੱਸ.ਸੀ.ਓ. ਨੇ ਕਿਹਾ ਕਿ ਭਾਰਤ ਤੋਂ ਕੋਈ ਵੀ ਦੂਸ਼ਿਤ ਦਵਾਈ ਨਿਰਯਾਤ ਨਹੀਂ ਕੀਤੀ ਗਈ ਸੀ ਅਤੇ ਗੈਰ-ਕਾਨੂੰਨੀ ਨਿਰਯਾਤ ਦਾ ਕੋਈ ਸਬੂਤ ਨਹੀਂ ਸੀ। ਯੂ.ਐੱਸ. ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਜ਼ਹਿਰੀਲੇ ਸਿਰਪ ਸੰਯੁਕਤ ਰਾਜ ਅਮਰੀਕਾ ਨਹੀਂ ਭੇਜੇ ਗਏ ਸਨ।