ਨਵੀਂ ਦਿੱਲੀ, 29 ਜਨਵਰੀ (ਪੰਜਾਬ ਮੇਲ)- ਭਾਰਤ ਨੇ ਸਪੱਸ਼ਟ ਕੀਤਾ ਹੈ ਕਿ ਦਿੱਲੀ ਆਧਾਰਿਤ ਫਰਾਂਸੀਸੀ ਪੱਤਰਕਾਰ ਨੂੰ ਨੋਟਿਸ ਉਸ ਦੀਆਂ ਖਬਰਾਂ ਕਰਕੇ ਨਹੀਂ, ਬਲਕਿ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਗਿਆ ਸੀ। ਭਾਰਤ ਨੇ ਇਸ ਬਾਰੇ ਫਰਾਂਸ ਦੇ ਵਫਦ ਨੂੰ ਜਾਣਕਾਰੀ ਦੇ ਦਿੱਤੀ ਸੀ, ਜਦੋਂ ਇਹ ਵਫਦ ਫਰਾਂਸੀਸੀ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਦੇ ਦੋ ਦਿਨਾਂ ਦੌਰੇ ਮੌਕੇ ਆਇਆ ਸੀ। ਨਵੀਂ ਦਿੱਲੀ ਨੇ ਫਰਾਂਸ ਦੀ ਪੱਤਰਕਾਰ ਵੈਨੇਸਾ ਡੌਗਨੈੱਕ ਨੂੰ ਵੀਜ਼ਾ ਨਿਯਮਾਂ ਦੀ ਕਥਿਤ ਉਲੰਘਣਾ ਲਈ ਨੋਟਿਸ ਜਾਰੀ ਕੀਤਾ ਸੀ ਅਤੇ ਉਸ ਤੋਂ 2 ਫਰਵਰੀ ਤੱਕ ਜਵਾਬ ਮੰਗਿਆ ਗਿਆ ਸੀ। ਵਿਦੇਸ਼ ਸਕੱਤਰ ਵਿਨੈ ਕਵਾਤੜਾ ਨੇ ਦੱਸਿਆ, ‘ਇਹ ਗੱਲ ਵਫਦ ਨੇ ਫਰਾਂਸੀਸੀ ਰਾਸ਼ਟਰਪਤੀ ਦੀ ਫੇਰੀ ਤੋਂ ਪਹਿਲਾਂ ਤੇ ਦੌਰੇ ਦੌਰਾਨ ਸਾਡੇ ਧਿਆਨ ਵਿਚ ਲਿਆਂਦੀ ਸੀ ਤੇ ਫਰਾਂਸ ਨੇ ਪਾਰਦਰਸ਼ੀ ਢੰਗ ਤੇ ਨਿਯਮਾਂ ਅਨੁਸਾਰ ਮਾਮਲਾ ਨਜਿੱਠਣ ਲਈ ਭਾਰਤ ਦੀ ਸ਼ਲਾਘਾ ਕੀਤੀ ਸੀ।’ ਉਨ੍ਹਾਂ ਕਿਹਾ, ‘ਇਹ ਲੋਕ ਉਹ ਕੰਮ ਕਰਨ ਲਈ ਆਜ਼ਾਦ ਹਨ, ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ ਪਰ ਇੱਥੇ ਇਹ ਮਾਮਲਾ ਨਿਯਮਾਂ ਦੀ ਪਾਲਣਾ ਨਾਲ ਜੁੜਿਆ ਹੈ।’