ਸੈਕਰਾਮੈਂਟੋ, 18 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਵਰਜੀਨੀਆ ਰਾਜ ਵਿਚ ਨਿਊਜ਼ ਪੋਰਟ ਵਿਖੇ ਇਕ ਸਕੂਲ ਵਿਚ ਇਸ ਸਾਲ ਜਨਵਰੀ ਵਿਚ ਪਹਿਲੀ ਸ਼੍ਰੇਣੀ ਦੇ ਵਿਦਿਆਰਥੀ ਵੱਲੋਂ ਆਪਣੀ ਅਧਿਆਪਕਾ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਬੱਚੇ ਦੀ ਮਾਂ ਨੂੰ ਲਾਪ੍ਰਵਾਹੀ ਵਰਤਣ ਦੇ ਦੋਸ਼ ਤਹਿਤ 2 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਧਿਆਪਕਾ ਦੇ ਹੱਥ ਤੇ ਛਾਤੀ ਵਿਚ ਗੋਲੀ ਵੱਜੀ ਸੀ। ਦਾਇਰ ਦੋਸ਼ਾਂ ਅਨੁਸਾਰ ਡੇਜਾ ਟੇਲਰ ਨਾਮੀ ਔਰਤ ਦਾ 6 ਸਾਲਾ ਪੁੱਤਰ 6 ਜਨਵਰੀ ਨੂੰ ਘਰੋਂ ਗੰਨ ਸਕੂਲ ਲੈ ਗਿਆ ਸੀ, ਜਿਸ ਨਾਲ ਉਸ ਨੇ ਐਬੀ ਵਰਨਰ ਨਾਮੀ ਅਧਿਆਪਕਾ ਉਪਰ ਗੋਲੀ ਚਲਾ ਦਿੱਤੀ ਸੀ। ਇਸ ਸਾਲ ਅਗਸਤ ਵਿਚ ਰਾਜ ਦੇ ਵਕੀਲਾਂ ਨਾਲ ਹੋਏ ਸਮਝੌਤੇ ਤਹਿਤ ਟੇਲਰ ਨੇ ਆਪਣਾ ਗੁਨਾਹ ਮੰਨ ਲਿਆ ਸੀ, ਜਿਸ ਸਮਝੌਤੇ ਤਹਿਤ ਘਰ ਵਿਚ ਭਰੀ ਹੋਈ ਗੰਨ ਖੁੱਲ੍ਹੇਆਮ ਛੱਡ ਕੇ ਆਪਣੇ ਬੱਚੇ ਦੀ ਜਾਨ ਜ਼ੋਖਮ ਵਿਚ ਪਾਉਣ ਦੇ ਦੋਸ਼ ਹਟਾ ਲਏ ਗਏ ਸਨ। ਵਕੀਲਾਂ ਨੇ ਸਮਝੌਤੇ ਤਹਿਤ 6 ਮਹੀਨੇ ਦੀ ਸਜ਼ਾ ਦੇਣ ਦੀ ਸਿਫਾਰਿਸ਼ ਕੀਤੀ ਸੀ ਪਰੰਤੂ ਜੱਜ ਨੇ ਇਸ ਸਿਫਾਰਿਸ਼ ਵੱਲ ਕੋਈ ਧਿਆਨ ਨਹੀਂ ਦਿੱਤਾ। ਫੈਸਲੇ ਉਪਰੰਤ ਬਚਾਅ ਪੱਖ ਦੇ ਵਕੀਲ ਜੇਮਜ਼ ਐਲਨਸਨ ਨੇ ਕਿਹਾ ਕਿ ਟੇਲਰ ਦੀ ਮਾਨਸਿਕ ਸਿਹਤ ਦੇ ਮੱਦੇਨਜ਼ਰ 2 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੈ। ਇਥੇ ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿਚ ਟੇਲਰ ਨੂੰ ਵੱਖਰੇ ਸੰਘੀ ਦੋਸ਼ਾਂ ਤਹਿਤ 21 ਮਹੀਨੇ ਦੀ ਸਜ਼ਾ ਪਹਿਲਾਂ ਹੀ ਸੁਣਾਈ ਜਾ ਚੁੱਕੀ ਹੈ। ਅਧਿਆਪਕਾ ਨੇ ਨਿਊਪੋਰਟ ਨਿਊਜ਼ ਸਕੂਲ ਡਿਸਟ੍ਰਿਕਟ ਵਿਰੁੱਧ ਵੀ 4 ਕਰੋੜ ਡਾਲਰ ਦੇ ਮੁਆਵਜ਼ੇ ਦਾ ਦਾਅਵਾ ਕੀਤਾ ਹੋਇਆ ਹੈ, ਜਿਸ ਵਿਚ ਕਿਹਾ ਹੈ ਕਿ ਸਕੂਲ ਦੇ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਬੱਚਾ ਸਕੂਲ ਵਿਚ ਗੰਨ ਲਿਆਉਣ ਵਿਚ ਸਫਲ ਹੋਇਆ ਹੈ।