#CANADA

Vancouver ਵਿਚਾਰ ਮੰਚ ਵੱਲੋਂ ‘21ਵੀਂ ਸਦੀ ਦੀ ਪਰਵਾਸੀ ਪੰਜਾਬੀ ਕਹਾਣੀ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ

ਸਰੀ, 8 ਦਸੰਬਰ (ਹਰਦਮ ਮਾਨ/ਪੰਜਾਬ ਮੇਲ)-ਵੈਨਕੂਵਰ ਵਿਚਾਰ ਮੰਚ ਵੱਲੋਂ ਆਨਲਾਈਨ ਸੈਮੀਨਾਰ ਲੜੀ ਦੇ ਅੰਤਰਗਤ ‘21ਵੀਂ ਸਦੀ ਦੀ ਪਰਵਾਸੀ ਪੰਜਾਬੀ ਕਹਾਣੀ: ਇਕ ਸੰਵਾਦ’ ਵਿਸ਼ੇ ਉੱਪਰ ਅੰਤਰ-ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਭਾਰਤੀ ਪੰਜਾਬ ਦੇ ਚਿੰਤਕਾਂ ਵੱਲੋਂ ਇੱਕੀਵੀਂ ਸਦੀ ਵਿੱਚ ਰਚੀ ਗਈ ਪਰਵਾਸੀ ਪੰਜਾਬੀ ਕਹਾਣੀ ਉਪਰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਆਲੋਚਨਾਤਮਕ ਪਰਚੇ ਪੜ੍ਹੇ ਗਏ।
ਸੈਮੀਨਾਰ ਦੇ ਆਗ਼ਾਜ਼ ਵਿਚ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਸਰੋਤਿਆਂ ਨੂੰ ਮੰਚ ਦੀਆਂ ਸਰਗਰਮੀਆਂ ਤੋਂ ਜਾਣੂੰ ਕਰਵਾਇਆ। ਉਹਨਾਂ ਦੱਸਿਆ ਕਿ ਇਹ ਮੰਚ ਮੁੱਢ ਤੋਂ ਹੀ ਗੁਰੂ ਨਾਨਕ ਸਾਹਿਬ ਦੇ ਕਥਨ ‘ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ’ ਮੁਤਾਬਿਕ ਸੰਵਾਦ ਪਰੰਪਰਾ ਨਿਰੰਤਰ ਰੱਖਣ ਲਈ ਯਤਨਸ਼ੀਲ ਰਿਹਾ ਹੈ। ਉਨ੍ਹਾਂ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਜੀ ਆਇਆਂ ਕਿਹਾ। ਉਪਰੰਤ ਮੰਚ ਦੇ ਜਨਰਲ ਸਕੱਤਰ ਮੋਹਨ ਗਿੱਲ ਨੇ ਵਿਸ਼ੇਸ਼ ਮਹਿਮਾਨ ਕੁਲਜੀਤ ਮਾਨ (ਪਰਵਾਸੀ ਪੰਜਾਬੀ ਸਾਹਿਤਕਾਰ) ਅਤੇ ਸੈਸ਼ਨ ਪ੍ਰਧਾਨ ਪ੍ਰੋਫ਼ੈਸਰ (ਡਾ.) ਰਵਿੰਦਰ ਸਿੰਘ (ਦਿਆਲ ਸਿੰਘ ਕਾਲਜ ਦਿੱਲੀ ਅਤੇ ਰਿਸਰਚ ਫੈਲੋ ਇੰਡੀਅਨ ਇੰਸਟੀਚਿਊਟ ਆਫ਼ ਅਡਵਾਂਸ ਸਟੱਡੀਜ਼, ਸ਼ਿਮਲਾ) ਦੀਆਂ ਅਕਾਦਮਿਕ ਅਤੇ ਸਾਹਿਤਕ ਪ੍ਰਾਪਤੀਆਂ ਉਪਰ ਰੋਸ਼ਨੀ ਪਾਈ। ਉਹਨਾਂ ਦੱਸਿਆ ਕਿ ਮੰਚ ਵੱਲੋਂ ਆਨਲਾਈਨ ਕਰਵਾਏ ਜਾ ਰਹੇ ਸੈਮੀਨਾਰਾਂ ਦਾ ਮੁੱਖ ਮਨੋਰਥ ਖੋਜਾਰਥੀਆਂ ਨੂੰ ਪਰਵਾਸੀ ਪੰਜਾਬੀ ਸਾਹਿਤ ਦੇ ਨਾਲ ਜੋੜਨ ਅਤੇ ਨਵੀਂ ਸਾਹਿਤਕ ਖੋਜ ਨੂੰ ਹੱਲਾਸ਼ੇਰੀ ਦੇਣਾ ਹੈ।
ਕੁਲਜੀਤ ਮਾਨ ਨੇ ਕਹਾਣੀ ਦੀ ਸਿਰਜਣ-ਪ੍ਰਕਿਰਿਆ ਨਾਲ ਜੁੜੇ ਮੁੱਖ ਨੁਕਤਿਆਂ ਸਬੰਧੀ ਚਰਚਾ ਕਰਦਿਆਂ ਜਿਥੇ ਇਹ ਦੱਸਿਆ ਕਿ ਕਹਾਣੀ ਦਾ ਮੁੱਦਾ ਸਮੇਂ ਸੀਮਾ ਤੋਂ ਪਰ੍ਹੇ ਅਤੇ ਸਰਬ ਵਿਆਪਕ ਹੋਣਾ ਚਾਹੀਦਾ ਹੈ ਉਥੇ ਸਮੇਂ ਦੇ ਬਦਲਾਅ ਨਾਲ ਸਾਨੂੰ ਅਜੋਕੇ ਪਰਵਾਸੀ ਸਾਹਿਤ ਨੂੰ ਵਧੇਰੇ ਵਾਚਣ ਦੀ ਜ਼ਰੂਰਤ ਹੈ। ਮੁੱਢਲੇ ਦੌਰ ਵਿਚ ਲਿਖੀ ਗਈ ਕਹਾਣੀ ਅਤੇ ਹੁਣ ਰਚੀ ਜਾ ਰਹੀ ਕਹਾਣੀ ਦੀ ਧਰਾਤਲ ਲਈ ਆਰਥਿਕਤਾ, ਸਮਾਜ, ਸਭਿਆਚਾਰ, ਜੀਵਨ ਆਦਿ ਵਿੱਚ ਵੱਡੇ ਪੱਧਰ ਉਪਰ ਬਦਲਾਅ ਆ ਚੁੱਕਾ ਹੈ। ਉਹਨਾਂ ਨੇ ਪਰਵਾਸੀ ਪੰਜਾਬੀ ਕਹਾਣੀ ਦੇ 2000 ਤੋਂ ਲੈ ਕੇ ਹੁਣ ਤੱਕ ਦੇ ਸਫਰ ਨੂੰ ਬਹੁਤ ਤਰਕਮਈ ਢੰਗ ਨਾਲ ਬਿਆਨ ਕਰਦਿਆਂ ਪਰਵਾਸੀ ਪੰਜਾਬੀ ਕਹਾਣੀਕਾਰਾਂ ਨੂੰ ਵਿਸ਼ਵ ਪੱਧਰ ਦੇ ਮਸਲਿਆਂ ਨੂੰ ਕੇਂਦਰਿਤ ਕਰਨ ਦੀ ਗੱਲ ਕੀਤੀ।
ਇਸ ਸੈਮੀਨਾਰ ਵਿਚ ਭਾਰਤ ਦੀਆਂ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵਲੋਂ ਡਾ. ਰਵਿੰਦਰ ਸਿੰਘ ਦੀ ਪ੍ਰਧਾਨਗੀ ਅਧੀਨ ਪਰਚੇ ਪੜ੍ਹੇ ਗਏ, ਜਿਹਨਾਂ ਵਿਚ ਡਾ. ਸੰਦੀਪ ਕੌਰ, ਡਾ. ਸੋਨਾ, ਮਨਪ੍ਰੀਤ ਕੌਰ, ਸਾਧੂ ਸਿੰਘ, ਡਾ. ਮਨਪ੍ਰੀਤ ਧਾਲੀਵਾਲ, ਪਵਨ ਕੁਮਾਰੀ, ਨਵਦੀਪ ਵਾਹਲਾ, ਲਖਵਿੰਦਰ ਕੌਰ, ਜਸਵੀਰ ਸਿੰਘ, ਗੁਰਪ੍ਰੀਤ ਕੌਰ, ਮਹਿਲ ਸਿੰਘ ਆਦਿ ਦਾ ਨਾਮ ਜ਼ਿਕਰਯੋਗ ਹੈ। ਪੜ੍ਹੇ ਗਏ ਹਰ ਪਰਚੇ ਸੰਬੰਧੀ ਡਾ. ਰਵਿੰਦਰ ਸਿੰਘ ਵੱਲੋਂ ਸੰਖੇਪ ਅਤੇ ਵਾਜਿਬ ਟਿੱਪਣੀਆਂ ਨਾਲ ਕੀਤਾ ਗਿਆ ਮੁਲਾਂਕਣ ਇਸ ਸੈਸ਼ਨ ਦਾ ਵਿਸ਼ੇਸ਼ ਹਾਸਿਲ ਰਿਹਾ। ਉਹਨਾਂ ਨੇ ਪਰਚੇ ਲੇਖਕਾਂ ਨੂੰ ਰਚਨਾ-ਪਾਠ ਦਾ ਗਹਿਰਾ ਅਧਿਐਨ ਕਰਨ ਲਈ ਪ੍ਰੇਰਿਤ ਕਰਦਿਆਂ ਸਾਹਿਤਕ ਪਰਖ ਦੇ ਕੇਂਦਰੀ ਨੁਕਤਿਆਂ ਬਾਰੇ ਭਾਵਪੂਰਤ ਜਾਣਕਾਰੀ ਦਿੱਤੀ।
ਸੈਮੀਨਾਰ ਵਿੱਚ ਸ਼ਿਰਕਤ ਕਰਨ ਵਾਲਿਆਂ ਵਿੱਚੋਂ ਪ੍ਰੋ. ਨਵਰੂਪ ਕੌਰ, ਜੋ ਐੱਚ.ਐੱਮ.ਵੀ. ਕਾਲਜ ਜਲੰਧਰ ਵਿੱਚ ਬਤੌਰ ਡੀਨ ਯੂਥ ਵੈਲਫੈਅਰ ਅਤੇ ਪੰਜਾਬੀ ਵਿਭਾਗ ਦੇ ਮੁੱਖੀ ਵਜੋਂ ਕਾਰਜਸ਼ੀਲ ਹਨ, ਨੇ ਵਿਸ਼ਵੀਕਰਨ ਦੇ ਦੌਰ ਵਿਚ ਸਾਇਬਰ ਕਰਾਇਮ ਜਾਂ ਸਾਇਬਰ ਸੈਕਸ ਜਿਹੇ ਮੁੱਦਿਆ ਦੀ ਪੇਸ਼ਕਾਰੀ ਕਰ ਰਹੀ ਅਜੋਕੀ ਪਰਵਾਸੀ ਪੰਜਾਬੀ ਕਹਾਣੀ ਦੀ ਸਰਾਹਨਾ ਕੀਤੀ। ਪੰਜਾਬੀ ਲੇਖਿਕਾ ਸੁਰਜੀਤ ਕੌਰ (ਟੋਰਾਂਟੋ) ਨੇ ਇਸ ਸੈਮੀਨਾਰ ਨੂੰ ਪਰਵਾਸੀ ਪੰਜਾਬੀ ਸਾਹਿਤ ਅਤੇ ਉਸ ਪ੍ਰਤੀ ਹੋ ਰਹੀ ਖੋਜ ਦੀ ਪੇਸ਼ਕਾਰੀ ਲਈ ਵਧੀਆ ਪਲੇਟਫਾਰਮ ਦੱਸਿਆ। ਪਾਕਿਸਤਾਨ ਦੀ ਆਲਮਾ ਇਕਬਾਲ ਓਪਨ ਯੂਨੀਵਰਸਿਟੀ (ਇਸਲਾਮਾਬਾਦ) ਦੇ ਪਾਕਿਸਤਾਨ ਸਟੱਡੀਜ਼ ਵਿਭਾਗ ਦੇ ਚੇਅਰਪਰਸਨ, ਡਾ. ਸਮੀਨਾ ਯਾਸਮੀਨ ਨੇ ਵੈਨਕੂਵਰ ਵਿਚਾਰ ਮੰਚ ਦੀ ਸਾਰੀ ਟੀਮ ਨੂੰ ਅਤੇ ਸੈਮੀਨਾਰ ਵਿਚ ਸ਼ਿਰਕਤ ਕਰਨ ਵਾਲਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਸ ਪ੍ਰਕਾਰ ਦੇ ਸੈਮੀਨਾਰ ਕਰਾਉਂਦੇ ਰਹਿਣ ਦੀ ਉਮੀਦ ਪ੍ਰਗਟ ਕੀਤੀ।
ਸੈਮੀਨਾਰ ਦੇ ਅੰਤ ਵਿਚ ਵੈਨਕੂਵਰ ਵਿਚਾਰ ਮੰਚ ਦੇ ਡਾਇਰੈਕਟਰ ਅਤੇ ਪਰਵਾਸੀ ਪੰਜਾਬੀ ਸਾਹਿਤਕਾਰ ਜਰਨੈਲ ਸਿੰਘ ਸੇਖਾ ਨੇ ਬੁਲਾਰਿਆਂ ਅਤੇ ਸਰੋਤਿਆਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਯਕੀਨ ਦਿਵਾਇਆ ਕਿ ਮੰਚ ਇਸੇ ਲਗਨ ਨਾਲ ਸੈਮੀਨਾਰ ਅਤੇ ਗੋਸ਼ਟੀਆਂ ਉਲੀਕਦਾ ਰਹੇਗਾ।
ਮੰਚ ਦਾ ਸੰਚਾਲਨ ਡਾ. ਹਰਜੋਤ ਕੌਰ ਖੈਹਿਰਾ ਅਤੇ ਡਾ. ਯਾਦਵਿੰਦਰ ਕੌਰ ਵੱਲੋਂ ਬਾਖੂਬੀ ਕੀਤਾ ਗਿਆ ਅਤੇ ਉਹਨਾਂ ਨੇ 21ਵੀਂ ਸਦੀ ਦੇ ਪਰਵਾਸੀ ਪੰਜਾਬੀ ਨਾਵਲ ਸਬੰਧੀ ਕਰਵਾਏ ਜਾਣ ਵਾਲੇ ਅਗਲੇ ਸੈਮੀਨਾਰ ਦਾ ਐਲਾਨ ਵੀ ਕੀਤਾ। ਸੈਮੀਨਾਰ ਵਿੱਚ ਪਰਵਾਸੀ ਸਾਹਿਤਕਾਰ ਮਹਿੰਦਰਪਾਲ ਸਿੰਘ ਪਾਲ ਤੋਂ ਇਲਾਵਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ, ਕੇਂਦਰੀ ਯੂਨੀਵਰਸਿਟੀ ਧਰਮਸ਼ਾਲਾ ਐੱਚ.ਐੱਮ.ਵੀ. ਕਾਲਜ ਜਲੰਧਰ, ਦਿਆਲ ਸਿੰਘ ਕਾਲਜ ਦਿੱਲੀ, ਸਰਕਾਰੀ ਕਾਲਜ ਟਾਂਡਾ, ਟ੍ਰੀਨਿਟੀ ਕਾਲਜ ਜਲੰਧਰ ਆਦਿ ਸੰਸਥਾਵਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ਼ਾਮਲ ਹੋਏ।