ਸੰਯੁਕਤ ਰਾਸ਼ਟਰ, 29 ਮਾਰਚ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਭਾਰਤ ਦੀ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ (ਐੱਨ.ਡੀ.ਐੱਮ.ਏ.) ਲਈ ਕੰਮ ਕਰਦੇ ਸਿਖਰਲੇ ਅਧਿਕਾਰੀ ਨੂੰ ਆਫ਼ਤ/ਸੰਕਟ ਦਾ ਜ਼ੋਖ਼ਮ ਘਟਾਉਣ ਲਈ ਆਪਣਾ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਹੈ। ਯੂ.ਐੱਨ. ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਨਿਯਮਤ ਬ੍ਰੀਫਿੰਗ ਦੌਰਾਨ ਕਿਹਾ ਕਿ ਕਮਲ ਕਿਸ਼ੋਰ (55) ਨੂੰ ਸੰਯੁਕਤ ਰਾਸ਼ਟਰ ਦੇ ਡਿਜ਼ਾਸਟਰ ਰਿਸਕ ਰਿਡਕਸ਼ਨ (ਯੂ.ਐੱਨ.ਡੀ.ਆਰ.ਆਰ.) ਲਈ ਸਹਾਇਕ ਸਕੱਤਰ ਜਨਰਲ ਤੇ ਸਕੱਤਰ ਜਨਰਲ ਦਾ ਵਿਸ਼ੇਸ਼ ਪ੍ਰਤੀਨਿਧ ਨਿਯੁਕਤ ਕੀਤਾ ਗਿਆ ਹੈ। ਮੌਜੂਦਾ ਸਮੇਂ ਕਿਸ਼ੋਰ ਐੱਨ.ਡੀ.ਐੱਮ.ਏ. ਦੇ ਸਕੱਤਰ ਵਜੋਂ ਭੂਮਿਕਾ ਨਿਭਾ ਰਹੇ ਸਨ। ਉਹ ਯੂ.ਐੱਨ.ਡੀ.ਆਰ.ਆਰ. ਵਿਚ ਜਾਪਾਨ ਦੇ ਮਾਮੀ ਮਿਜ਼ੂਤੋਰੀ ਦੀ ਥਾਂ ਲੈਣਗੇ। ਜੀ20 ਵਿਚ ਭਾਰਤ ਦੀ ਪ੍ਰਧਾਨਗੀ ਵੇਲੇ ਕਿਸ਼ੋਰ ਨੇ ਆਫ਼ਤ ਜ਼ੋਖ਼ਮ ਘਟਾਉਣ ਬਾਰੇ ਜੀ20 ਵਰਕਿੰਗ ਸਮੂਹ ਦੀ ਅਗਵਾਈ ਕੀਤੀ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2019 ‘ਚ ਕਲਾਈਮੇਟ ਐਕਸ਼ਨ ਸਮਿਟ ਮੌਕੇ ਸ਼ੁਰੂ ਕੀਤੇ ਆਫ਼ਤ ਲਚਕਦਾਰ ਬੁਨਿਆਦੀ ਢਾਂਚੇ ਲਈ ਗੱਠਜੋੜ ਦੇ ਵਿਕਾਸ ਵਿਚ ਵੀ ਯੋਗਦਾਨ ਪਾਇਆ। ਐੱਨ.ਡੀ.ਐੱਮ.ਏ. ਨਾਲ ਜੁੜਨ ਤੋਂ ਪਹਿਲਾਂ ਕਿਸ਼ੋਰ ਨੇ ਕਰੀਬ 13 ਸਾਲਾਂ ਤੱਕ ਜਨੇਵਾ, ਨਵੀਂ ਦਿੱਲੀ ਤੇ ਨਿਊਯਾਰਕ ਵਿਚ ਯੂਨਾਈਟਿਡ ਨੇਸ਼ਨਜ਼ ਡਿਵੈਲਪਮੈਂਟ ਪ੍ਰੋਗਰਾਮ (ਯੂ.ਐੱਨ.ਡੀ.ਪੀ.) ਲਈ ਵੀ ਕੰਮ ਕੀਤਾ।