ਦੁਬਈ, 7 ਮਾਰਚ (ਪੰਜਾਬ ਮੇਲ)- ਭਾਰਤੀ ਕੌਂਸੁਲੇਟ ਨੇ ਬਲੂ-ਕਾਲਰ (ਹੱਥੀਂ ਕੰਮ ਕਰਨ ਵਾਲੇ) ਭਾਰਤੀ ਕਾਮਿਆਂ ਦੇ ਕੁਦਰਤੀ ਆਫ਼ਤਾਂ ਅਤੇ ਹਾਦਸਿਆਂ ‘ਚ ਜਾਨਾਂ ਗੁਆਉਣ ‘ਤੇ ਨਵੀਂ ਬੀਮਾ ਯੋਜਨਾ ਦਾ ਐਲਾਨ ਕੀਤਾ ਹੈ, ਤਾਂ ਜੋ ਉਨ੍ਹਾਂ ਦੇ ਵਾਰਿਸਾਂ ਨੂੰ ਮਾਲੀ ਸਹਾਇਤਾ ਮਿਲ ਸਕੇ। ਦੁਬਈ ‘ਚ ਭਾਰਤੀ ਕੌਂਸੁਲੇਟ ਜਨਰਲ ਨੇ ਵੱਡੀਆਂ ਕੰਪਨੀਆਂ ਅਤੇ ਬੀਮਾ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਵਿਚਕਾਰ ਮੀਟਿੰਗ ਕਰਵਾਈ।
ਪ੍ਰੈੱਸ ਬਿਆਨ ‘ਚ ਕਿਹਾ ਗਿਆ ਕਿ ਇਹ ਕਦਮ ਉਦੋਂ ਚੁੱਕਿਆ ਗਿਆ ਜਦੋਂ ਪਤਾ ਲੱਗਾ ਕਿ ਜ਼ਿਆਦਾਤਰ ਕੰਪਨੀਆਂ ਆਪਣੇ ਮੁਲਾਜ਼ਮਾਂ ਨੂੰ ਸਿਹਤ ਬੀਮਾ ਅਤੇ ਵਰਕਰਜ਼ ਕੰਪਨਸੇਸ਼ਨ ਤਹਿਤ ਉਨ੍ਹਾਂ ਦਾ ਬੀਮਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ‘ਚ ਮੁਲਾਜ਼ਮਾਂ ਦੀ ਕੁਦਰਤੀ ਮੌਤ ਹੋਣ ‘ਤੇ ਲਾਜ਼ਮੀ ਬੀਮਾ ਕਵਰ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੇ ਵਾਰਿਸਾਂ ਨੂੰ ਕੋਈ ਸਹਾਇਤਾ ਨਹੀਂ ਮਿਲਦੀ ਹੈ। ਬੀਮਾ ਕੰਪਨੀਆਂ ਗਾਰਗਾਸ਼ ਇੰਸ਼ੋਰੈਂਸ ਸਰਵਿਸਿਜ਼ ਅਤੇ ਓਰੀਐਂਟ ਇੰਸ਼ੋਰੈਸ ਪੀ.ਜੇ.ਐੱਸ.ਸੀ. ਨੇ ਬਲੂ-ਕਾਲਰ ਵਰਕਰਜ਼ ਅਤੇ ਹੋਰ ਮੁਲਾਜ਼ਮਾਂ ਲਈ ਲਾਈਫ਼ ਪ੍ਰੋਟੈਕਸ਼ਨ ਪਲਾਨ ਜਾਰੀ ਕਰਨ ‘ਤੇ ਸਹਿਮਤੀ ਜਤਾਈ। ਇਹ ਯੋਜਨਾ ਪਹਿਲੀ ਮਾਰਚ ਤੋਂ ਲਾਗੂ ਹੋ ਗਈ ਹੈ। ਯੋਜਨਾ ਲਾਗੂ ਕਰਨ ਸਮੇਂ ਕੌਂਸੁਲ ਜਨਰਲ ਸਤੀਸ਼ ਸਿਵਾਨ ਨੇ ਕਿਹਾ ਕਿ ਭਾਰਤੀਆਂ ਦੀ ਭਲਾਈ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਬੀਮਾ ਸਾਲਾਨਾ ਏ.ਈ.ਡੀ. 37 ਦੇ ਪ੍ਰੀਮੀਅਮ ‘ਤੇ ਮਿਲੇਗਾ। ਯੂ.ਏ.ਈ.’ਚ ਕਰੀਬ 35 ਲੱਖ ਭਾਰਤੀ ਹਨ, ਜਿਨ੍ਹਾਂ ‘ਚੋਂ 65 ਫ਼ੀਸਦ ਬਲੂ-ਕਾਲਰ ਵਰਕਰ ਹਨ। ਸਾਲ 2022 ‘ਚ 1750 ਮੌਤਾਂ ਹੋਈਆਂ ਸਨ, ਜਿਨ੍ਹਾਂ ‘ਚੋਂ 1100 ਵਰਕਰ ਸਨ। ਇਸੇ ਤਰ੍ਹਾਂ ਪਿਛਲੇ ਸਾਲ 1513 ਮੌਤਾਂ ਹੋਈਆਂ ਸਨ, ਜਿਨ੍ਹਾਂ ‘ਚੋਂ ਇਕ ਹਜ਼ਾਰ ਵਰਕਰ ਸਨ।