#AMERICA

Trump ਦਾ ਯੂਟਰਨ: ਯੁੂਰਪੀ ਮੁਲਕਾਂ ਨੂੰ ਦਿੱਤੀ ਟੈਰਿਫ਼ ਦੀ ਧਮਕੀ ਲਈ ਵਾਪਸ

ਦਾਵੋਸ, 22 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ (ਸਥਾਨਕ ਸਮੇਂ) ਨੂੰ ਕਿਹਾ ਕਿ ਉਹ ਗ੍ਰੀਨਲੈਂਡ ਨੂੰ ਲੈ ਕੇ ਕੁਝ ਯੂਰਪੀਅਨ ਮੁਲਕਾਂ ਉੱਤੇ ਟੈਰਿਫ ਲਗਾਉਣ ਦੀਆਂ ਆਪਣੀਆਂ ਯੋਜਨਾਵਾਂ ਉੱਤੇ ਅੱਗੇ ਨਹੀਂ ਵਧਣਗੇ। ਟਰੰਪ ਨੇ 1 ਫਰਵਰੀ ਤੋਂ ਟੈਰਿਫ ਲਾਗੂ ਕਰਨ ਦੀ ਆਪਣੀ ਪਿਛਲੀ ਧਮਕੀ ਨੂੰ ਵਾਪਸ ਲੈ ਲਿਆ ਹੈ।

ਇਹ ਫੈਸਲਾ ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ‘ਲਾਭਕਾਰੀ’ ਮੀਟਿੰਗ ਤੋਂ ਬਾਅਦ ਆਇਆ ਹੈ, ਜਿਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਗ੍ਰੀਨਲੈਂਡ ਅਤੇ ਵਿਸ਼ਾਲ ਆਰਕਟਿਕ ਖੇਤਰ ਸਬੰਧੀ ਭਵਿੱਖੀ ਸੌਦੇ ਲਈ ਇੱਕ ਢਾਂਚੇ ਦੀ ਨੀਂਹ ਵੀ ਰੱਖੀ। ਟਰੂਥ ਸੋਸ਼ਲ ’ਤੇ ਇੱਕ ਪੋਸਟ ਵਿੱਚ ਟਰੰਪ ਨੇ ਇਸ ਪੇਸ਼ਕਦਮੀ ਨੂੰ ਅਮਰੀਕਾ ਤੇ ਨਾਟੋ ਸਹਿਯੋਗੀਆਂ ਦੋਵਾਂ ਲਈ ਲਾਭਦਾਇਕ ਦੱਸਿਆ। ਟਰੰਪ ਨੇ ਲਿਖਿਆ, ‘‘ਨਾਟੋ ਦੇ ਸਕੱਤਰ ਜਨਰਲ ਮਾਰਕ ਰੁਟੇ ਨਾਲ ਮੇਰੀ ਇੱਕ ਬਹੁਤ ਹੀ ਲਾਭਕਾਰੀ ਮੀਟਿੰਗ ਦੇ ਆਧਾਰ ’ਤੇ, ਅਸੀਂ ਗ੍ਰੀਨਲੈਂਡ ਤੇ ਪੂਰੇ ਆਰਕਟਿਕ ਖੇਤਰ ਦੇ ਸਬੰਧ ਵਿੱਚ ਇੱਕ ਭਵਿੱਖੀ ਸੌਦੇ ਦਾ ਢਾਂਚਾ ਬਣਾਇਆ ਹੈ। ਇਹ ਹੱਲ ਜੇਕਰ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ਅਤੇ ਸਾਰੇ ਨਾਟੋ ਦੇਸ਼ਾਂ ਲਈ ਲਾਭਕਾਰੀ ਹੋਵੇਗਾ। ਦੋਵਾਂ ਧਿਰਾਂ ‘ਚ ਬਣੀ ਇਸ ਸਮਝ ਦੇ ਆਧਾਰ ’ਤੇ ਮੈਂ 1 ਫਰਵਰੀ ਤੋਂ ਲਾਗੂ ਹੋਣ ਵਾਲੇ ਟੈਰਿਫ ਨਹੀਂ ਲਗਾਵਾਂਗਾ।’’