#AMERICA

Trump ਦੀ ਸੰਭਾਵਿਤ ਉਪ ਰਾਸ਼ਟਰਪਤੀਆਂ ਦੀ ਸੂਚੀ ‘ਚ ਰਾਮਾਸਵਾਮੀ ਦਾ ਨਾਂ ਵੀ ਸ਼ਾਮਲ

ਵਾਸ਼ਿੰਗਟਨ, 22 ਫਰਵਰੀ (ਪੰਜਾਬ ਮੇਲ)-ਬਾਇਓ-ਟੈਕਨਾਲੋਜੀ ਉਦਯੋਗਪਤੀ ਤੋਂ ਸਿਆਸੀ ਨੇਤਾ ਬਣੇ ਭਾਰਤੀ-ਅਮਰੀਕੀ ਵਿਵੇਕ ਰਾਮਾਸਵਾਮੀ ਦਾ ਨਾਂ, ਉਨ੍ਹਾਂ ਨਾਵਾਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੇ ਸੰਭਾਵਿਤ ਦੌੜਾਕ ਸਾਥੀ ਵਜੋਂ ਵਿਚਾਰ ਰਹੇ ਹਨ। ਰਿਪੋਰਟ ਮੁਤਾਬਕ ਮੰਗਲਵਾਰ ਨੂੰ ਫੌਕਸ ਨਿਊਜ਼ ‘ਟਾਊਨ ਹਾਲ’ ਪ੍ਰੋਗਰਾਮ ਦੌਰਾਨ ਮੇਜ਼ਬਾਨ ਨੇ ਟਰੰਪ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਪਸੰਦ ਦੇ ਛੇ ਸੰਭਾਵਿਤ ਵਿਕਲਪਾਂ ਬਾਰੇ ਪੁੱਛਿਆ। ਇਸ ‘ਤੇ ਟਰੰਪ ਨੇ ਸਾਊਥ ਕੈਰੋਲੀਨਾ ਦੇ ਸੈਨੇਟਰ ਟਿਮ ਸਕਾਟ, ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ, ਹਵਾਈ ਦੇ ਸਾਬਕਾ ਸੰਸਦ ਮੈਂਬਰ ਤੁਲਸੀ ਗਬਾਰਡ, ਵਿਵੇਕ ਰਾਮਾਸਵਾਮੀ, ਫਲੋਰਿਡਾ ਦੇ ਪ੍ਰਤੀਨਿਧੀ ਬਾਇਰਨ ਡੋਨਾਲਡਸ ਅਤੇ ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨੋਏਮ ਦਾ ਨਾਂ ਲਿਆ।
77 ਸਾਲਾ ਟਰੰਪ ਨੇ ਇਕ ਹੋਰ ਭਾਰਤੀ-ਅਮਰੀਕੀ ਨਿੱਕੀ ਹੈਲੀ ਦਾ ਨਾਂ ਨਹੀਂ ਲਿਆ, ਜੋ ਅਜੇ ਵੀ ਦੌੜ ਵਿਚ ਹੈ। ਰਾਮਾਸਵਾਮੀ (38) ਜਨਵਰੀ ਦੇ ਅੱਧ ਵਿਚ ਆਇਓਵਾ ਕਾਕਸ ਵਿਚ ਆਪਣੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਨਾ ਸਿਰਫ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਜੋਂ ਪਿੱਛੇ ਹਟ ਗਏ, ਸਗੋਂ ਇਸ ਦੇ ਜੇਤੂ ਟਰੰਪ ਦਾ ਸਮਰਥਨ ਵੀ ਕੀਤਾ। ਜਦੋਂ ਫੌਕਸ ਨਿਊਜ਼ ਟਾਊਨ ਹਾਲ ਈਵੈਂਟ ਦੀ ਮੇਜ਼ਬਾਨ ਲੌਰਾ ਇੰਗ੍ਰਹਾਮ ਨੇ ਉਸਨੂੰ ਪੁੱਛਿਆ, ”ਕੀ ਉਹ ਸਾਰੇ ਤੁਹਾਡੀ ਸੂਚੀ ਵਿਚ ਹਨ?” ਤਾਂ ਟਰੰਪ ਨੇ ਕਿਹਾ, ”ਉਹ ਸਾਰੇ ਸੂਚੀ ਵਿਚ ਹਨ। ਉਹ ਸਾਰੇ ਮੁੰਡੇ ਚੰਗੇ ਹਨ। ਉਹ ਸਾਰੇ ਚੰਗੇ ਅਤੇ ਮਜ਼ਬੂਤ ਹਨ।” ਰਾਮਾਸਵਾਮੀ ਨੇ ਇਸ ਤੋਂ ਪਹਿਲਾਂ ਟਰੰਪ ਨੂੰ ਅਗਸਤ 2023 ‘ਚ ਰਿਪਬਲਿਕਨ ਨਾਮਜ਼ਦਗੀ ਨਾ ਮਿਲਣ ‘ਤੇ ਉਪ ਰਾਸ਼ਟਰਪਤੀ ਅਹੁਦੇ ਦੀ ਦੌੜ ‘ਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਸੀ।