#AMERICA

Trump ਖ਼ਿਲਾਫ਼ ਧੋਖਾਧੜੀ ਮਾਮਲੇ ‘ਚ January ਦੇ ਅੰਤ ਤੱਕ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ

-ਲੱਗ ਸਕਦੈ 250 ਮਿਲੀਅਨ ਡਾਲਰ ਦਾ ਜੁਰਮਾਨਾ
ਨਿਊਯਾਰਕ, 3 ਜਨਵਰੀ (ਰਾਜ ਗੋਗਨਾ/ਪੰਜਾਬ ਮੇਲ)- ਨਿਊਯਾਰਕ ਦੀ ਮੈਨਹੱਟਨ ਸੁਪਰੀਮ ਕੋਰਟ ਦੇ ਜਸਟਿਸ ਆਰਥਰ ਐਂਗੋਰਨ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਧੋਖਾਧੜੀ ਦੇ ਮਾਮਲੇ ਦਾ ਫ਼ੈਸਲਾ ਸੁਣਾਇਆ ਜਾਵੇਗਾ। ਉਹ ਇਸ ਮਾਮਲੇ ‘ਤੇ ਫ਼ੈਸਲਾ ਸੁਣਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਜਨਵਰੀ ਦੇ ਅੰਤ ਤੱਕ ਟਰੰਪ ਨੂੰ ਆਪਣਾ ਫ਼ੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ। ਇਸ ਮਾਮਲੇ ‘ਚ ਟਰੰਪ ‘ਤੇ ਕਰਜ਼ਾ ਲੈਣ ਅਤੇ ਬੀਮੇ ਦੀਆਂ ਸ਼ਰਤਾਂ ਪੂਰੀਆਂ ਕਰਨ ਲਈ ਆਪਣੀ ਜਾਇਦਾਦ ਦੇ ਮੁੱਲਾਂਕਣ ਦੇ ਅੰਕੜੇ ਵਧਾਉਣ ਦਾ ਦੋਸ਼ ਹੈ।
ਟਰੰਪ ਦੇ ਦੋ ਸਭ ਤੋਂ ਵੱਡੇ ਪੁੱਤਰ ਐਰਿਕ ਅਤੇ ਡੋਨਾਲਡ ਟਰੰਪ ਜੂਨੀਅਰ ‘ਤੇ ਵੀ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਆ ਜੇਮਸ ਨੇ ਇਸ ਮਾਮਲੇ ਵਿਚ ਦੋਸ਼ ਲਗਾਇਆ ਹੈ। ਇਸ ਕੇਸ ਦੀ ਸੁਣਵਾਈ 2 ਅਕਤੂਬਰ, 2023 ਤੋਂ ਸ਼ੁਰੂ ਹੋਈ ਸੀ। ਹੁਣ ਇਸ ਕੇਸ ਦੀ ਅੰਤਿਮ ਬਹਿਸ ਲਈ ਅਦਾਲਤ ਵਿਚ ਮੁੜ ਸੁਣਵਾਈ ਹੋਵੇਗੀ। ਜੱਜ ਐਂਗੋਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਟਰੰਪ ਦੁਆਰਾ ਧੋਖਾਧੜੀ ਕੀਤੀ ਗਈ ਹੈ ਪਰ ਜੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ। ਕਾਨੂੰਨੀ ਮਾਹਿਰਾਂ ਦਾ ਮੰਨਣਾ ਹੈ ਕਿ ਜੱਜ ਪੂਰੇ 250 ਮਿਲੀਅਨ ਡਾਲਰ ਦਾ ਜੁਰਮਾਨਾ ਲਗਾ ਸਕਦਾ ਹੈ ਜਾਂ ਵਿੱਤੀ ਦਾਅਵੇ ਨੂੰ ਖਾਰਜ ਵੀ ਕਰ ਸਕਦਾ ਹੈ।
ਪ੍ਰੈੱਸ ਰਿਪੋਰਟ ਅਨੁਸਾਰ ਕਰਜ਼ਦਾਰਾਂ ਅਤੇ ਬੀਮਾ ਕੰਪਨੀ ਦੁਆਰਾ ਕਲੇਮ ਕੀਤੇ ਗਏ ਵਿੱਤੀ ਨੁਕਸਾਨ ਅਤੇ ਅਟਾਰਨੀ ਜਨਰਲ ਦੁਆਰਾ ਮੰਗੇ ਗਏ ਮੁਆਵਜ਼ੇ ਵਿਚ ਜੁਰਮਾਨੇ ਦੀ ਰਕਮ ਨੂੰ ਮੁਆਫ ਕਰਨਾ ਸੰਭਵ ਨਹੀਂ ਹੈ। ਇਸ ਮਾਮਲੇ ਵਿਚ 11 ਹਫ਼ਤਿਆਂ ਵਿਚ 40 ਗਵਾਹਾਂ ਨੇ ਗਵਾਹੀ ਦਿੱਤੀ ਹੈ। ਟਰੰਪ ਪਰਿਵਾਰ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਦਾ ਖੰਡਨ ਕੀਤਾ ਗਿਆ ਸੀ। ਹਾਲਾਂਕਿ ਅਦਾਲਤ ਨੇ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਟਰੰਪ ਨੂੰ ਧੋਖਾਧੜੀ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਤੋਂ ਬਾਅਦ ਟਰੰਪ ਦੀ ਕੰਪਨੀ ਦੀਆਂ ਕਾਰੋਬਾਰੀ ਲਾਈਨਾਂ ਰੱਦ ਕਰ ਦਿੱਤੀਆਂ ਗਈਆਂ। ਹਾਲਾਂਕਿ ਇਸ ਫ਼ੈਸਲੇ ‘ਤੇ ਅੰਤਿਮ ਫ਼ੈਸਲਾ ਆਉਣ ਤੱਕ ਰੋਕ ਲਗਾ ਦਿੱਤੀ ਗਈ ਹੈ।
ਮਾਹਰਾਂ ਦਾ ਮੰਨਣਾ ਹੈ ਕਿ ਇਹ ਕਾਨੂੰਨੀ ਲੜਾਈ ਲੰਮਾ ਸਮਾਂ ਚੱਲੇਗੀ। ਇਸ ਮਾਮਲੇ ‘ਚ ਟਰੰਪ ਅਪੀਲ ਕਰ ਸਕਦੇ ਹਨ ਅਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਵੀ ਇਹ ਕੇਸ ਜਾਰੀ ਰੱਖਿਆ ਜਾ ਸਕਦਾ ਹੈ। ਜੇਕਰ ਟਰੰਪ ਦੀ ਕੰਪਨੀ ਦਾ ਕਾਰੋਬਾਰੀ ਲਾਇਸੈਂਸ 5 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਮੁਅੱਤਲ ਕੀਤਾ ਜਾਂਦਾ ਹੈ ਤਾਂ ਟਰੰਪ ਦੀ ਕੰਪਨੀ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਟਰੰਪ ਖੁਦ ਇਸ ਮਾਮਲੇ ‘ਚ 8 ਦਿਨ ਅਦਾਲਤ ‘ਚ ਮੌਜੂਦ ਰਹੇ ਅਤੇ ਉਨ੍ਹਾਂ ਨੇ ਜੱਜ, ਅਟਾਰਨੀ ਜਨਰਲ ਦੇ ਨਾਲ-ਨਾਲ ਅਦਾਲਤ ਦੇ ਕਲਰਕ ‘ਤੇ ਵੀ ਹਮਲਾ ਬੋਲਿਆ। ਅਦਾਲਤ ਨੇ ਉਸ ਦੇ ਵਿਵਹਾਰ ਲਈ 15000 ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਹੁਣ ਇਸ ਮਾਮਲੇ ‘ਚ ਅਦਾਲਤ ਕੀ ਫ਼ੈਸਲਾ ਦਿੰਦੀ ਹੈ, ਇਸ ‘ਤੇ ਪੂਰੇ ਅਮਰੀਕਾ ਦੀ ਨਜ਼ਰ ਹੋਵੇਗੀ।