#AMERICA

Texas ‘ਚ ਲਾਪਤਾ ਗਰਭਵਤੀ ਨਾਬਾਲਗ ਕੁੜੀ ਤੇ ਦੋਸਤ ਮੁੰਡੇ ਦੀਆਂ ਕਾਰ ‘ਚੋਂ ਮਿਲੀਆਂ ਲਾਸ਼ਾਂ

– ਦੋਨਾਂ ਦੇ ਹੀ ਵੱਜੀਆਂ ਗੋਲੀਆਂ
– ਪੁਲਿਸ ਨੇ ਕਿਹਾ: ਇਹ ਬਹੁਤ ਗੁੰਝਲਦਾਰ ਤੇ ਸੰਗੀਨ ਮਾਮਲਾ
ਸੈਕਰਾਮੈਂਟੋ, 30 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਟੈਕਸਾਸ ਰਾਜ ਵਿਚ ਲਾਪਤਾ ਗਰਭਵਤੀ ਨਾਬਾਲਗ ਕੁੜੀ ਤੇ ਉਸ ਦੇ ਦੋਸਤ ਮੁੰਡੇ ਦੀਆਂ ਕਾਰ ਵਿਚੋਂ ਲਾਸ਼ਾਂ ਬਰਾਮਦ ਹੋਣ ਦੀ ਖਬਰ ਹੈ। ਪੁਲਿਸ ਨੇ ਕਿਹਾ ਹੈ ਕਿ ਦੋਨਾਂ ਦੇ ਹੀ ਗੋਲੀਆਂ ਵੱਜੀਆਂ ਹੋਈਆਂ ਹਨ, ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਖੁਦਕੁਸ਼ੀ ਜਾਂ ਕਤਲ ਦਾ ਮਾਮਲਾ ਹੈ। ਪੁਲਿਸ ਅਨੁਸਾਰ ਲਾਸ਼ਾਂ ਇਕ ਅਪਾਰਮੈਂਟ ਕੰਪਲੈਕਸ ਨੇੜੇ ਕਾਰ ਵਿਚੋਂ ਮਿਲੀਆਂ, ਜੋ ਕਾਰ ਪਿਛਲੇ 3-4 ਦਿਨਾਂ ਤੋਂ ਇਥੇ ਖੜ੍ਹੀ ਸੀ। ਸੈਨ ਐਨਟੋਨੀਓ ਪੁਲਿਸ ਮੁਖੀ ਵਿਲੀਅਮ ਮੈਕਮੈਨਸ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਅਧਿਕਾਰੀਆਂ ਦਾ ਵਿਸ਼ਵਾਸ ਹੈ ਕਿ ਇਹ ਲਾਸ਼ਾਂ 18 ਸਾਲਾ ਸਵੰਨਾਹ ਸੋਟੋ ਤੇ ਉਸ ਦੇ ਦੋਸਤ ਮੁੰਡੇ ਦੀਆਂ ਹਨ ਪਰੰਤੂ ਅਜੇ ਇਸ ਸਬੰਧੀ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਤੇ ਡਾਕਟਰੀ ਜਾਂਚ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਲੱਗ ਸਕੇਗਾ। ਮੈਕਮੈਨਸ ਅਨੁਸਾਰ ਮੌਕੇ ਦਾ ਦ੍ਰਿਸ਼ ਬਹੁਤ ਹੀ ਪੇਚੀਦਾ ਹੈ ਤੇ ਇਸ ਬਾਰੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸੈਨ ਐਨਟੋਨੀਓ ਪੁਲਿਸ ਲੈਫਟੀਨੈਂਟ ਮਾਈਕਲ ਰਾਮੋਸ ਨੇ ਕਿਹਾ ਹੈ ਕਿ ਇਹ ਸੰਗੀਨ ਹੱਤਿਆਵਾਂ ਦਾ ਮਾਮਲਾ ਹੈ ਕਿਉਂਕਿ ਇਕ ਅਣਜੰਮੇ ਬੱਚੇ ਦੀ ਵੀ ਮੌਤ ਹੋਈ ਹੈ। ਲੀਓਨ ਵੈਲੀ ਪੁਲਿਸ ਵਿਭਾਗ ਅਨੁਸਾਰ ਸੋਟੋ ਪਿਛਲੇ 9 ਮਹੀਨੇ ਤੋਂ ਗਰਭਵਤੀ ਸੀ ਤੇ ਉਹ ਜ਼ਰੂਰੀ ਡਾਕਟਰੀ ਜਾਂਚ ਲਈ ਹਸਪਤਾਲ ਨਹੀਂ ਪੁੱਜੀ। ਇਸ ਉਪਰੰਤ ਪਰਿਵਾਰ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੋਟੋ ਨੂੰ ਆਖਰੀ ਵਾਰ 22 ਦਸੰਬਰ ਨੂੰ ਲਿਓਨ ਵੈਲੀ ਵਿਚ ਗਰੀਸੋਮ ਰੋਡ ਦੇ 6000 ਬਲਾਕ ਵਿਚ ਵੇਖਿਆ ਗਿਆ ਸੀ।