ਕੋਲਕਾਤਾ, 5 ਮਾਰਚ (ਪੰਜਾਬ ਮੇਲ)- ਟੀ-20 ਵਿਸ਼ਵ ਕੱਪ ਦਾ ਪਹਿਲਾ ਵੱਡਾ ਮੁਕਾਬਲਾ ਤੇ ਪਹਿਲਾ ਸੈਮੀਫਾਈਨਲ ਅੱਜ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦਰਮਿਆਨ ਕੋਲਕਾਤਾ ਦੇ ਇਤਿਹਾਸਕ ਈਡਨ ਗਾਰਡਨ ਸਟੇਡੀਅਮ ਵਿੱਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਨਾਲ ਨਿਊਜ਼ੀਲੈਂਡ ਫਾਈਨਲ ਵਿਚ ਪੁੱਜ ਗਿਆ ਹੈ ਜਿਸ ਦਾ ਮੁਕਾਬਲਾ ਭਲਕੇ ਭਾਰਤ ਤੇ ਇੰਗਲੈਂਡ ਦਰਮਿਆਨ ਖੇਡੇ ਜਾਣ ਵਾਲੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਨਾਲ ਹੋਵੇਗਾ। ਨਿਊਜ਼ੀਲੈਂਡ ਨੇ 12.5 ਓਵਰਾਂ ਵਿਚ ਹੀ ਇਕ ਵਿਕਟ ਦੇ ਨੁਕਸਾਨ ਨਾਲ 173 ਦੌੜਾਂ ਬਣਾ ਕੇ ਮੈਚ ਜਿੱਤ ਲਿਆ ਜਦਕਿ ਦੱਖਣੀ ਅਫਰੀਕਾ ਨੇ 169 ਦੌੜਾਂ ਬਣਾਈਆਂ ਸਨ। ਬੁੱਧਵਾਰ ਨੂੰ ਖੇਡੇ ਗਏ ਇਸ ਮੈਚ ਵਿੱਚ ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਫਿਨ ਐਲਨ ਨੇ ਇਤਿਹਾਸਕ ਪਾਰੀ ਖੇਡੀ। ਉਸ ਨੇ ਮਹਿਜ਼ 33 ਗੇਂਦਾਂ ਵਿੱਚ ਨਾਬਾਦ 100 ਦੌੜਾਂ ਬਣਾ ਕੇ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਪੂਰੀ ਤਰ੍ਹਾਂ ਬੇਵੱਸ ਕਰ ਦਿੱਤਾ। ਐਲਨ ਨੇ ਆਪਣੀ ਇਸ ਸ਼ਾਨਦਾਰ ਪਾਰੀ ਦੌਰਾਨ 10 ਚੌਕੇ ਅਤੇ 8 ਛੱਕੇ ਜੜੇ।
ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਗੇਂਦਬਾਜ਼ ਕੋਲ ਮੈਕੌਂਚੀ ਨੇ ਦੱਖਣੀ ਅਫਰੀਕਾ ਨੂੰ ਸ਼ੁਰੂਆਤ ਵਿੱਚ ਹੀ ਦੋ ਵੱਡੇ ਝਟਕੇ ਦੇ ਕੇ ਬੈਕਫੁੱਟ ‘ਤੇ ਧੱਕ ਦਿੱਤਾ। ਮੈਕੌਂਚੀ ਨੇ ਵਧੀਆ ਗੇਂਦਬਾਜ਼ੀ ਕਰਦੇ ਹੋਏ ਲਗਾਤਾਰ ਦੋ ਗੇਂਦਾਂ ‘ਤੇ ਦੋ ਅਹਿਮ ਵਿਕਟਾਂ ਝਟਕਾਈਆਂ। ਉਨ੍ਹਾਂ ਨੇ ਪਹਿਲਾਂ ਰਾਅਨ ਰਿਕਲਟਨ ਨੂੰ ਜ਼ੀਰੋ ‘ਤੇ ਆਊਟ ਕੀਤਾ ਅਤੇ ਉਸ ਤੋਂ ਅਗਲੀ ਹੀ ਗੇਂਦ ‘ਤੇ ਖ਼ਤਰਨਾਕ ਬੱਲੇਬਾਜ਼ ਕਵਿੰਟਨ ਡੀ ਕਾਕ ਨੂੰ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਪਵੇਲੀਅਨ ਦਾ ਰਾਹ ਦਿਖਾਇਆ।

