#SPORTS

T-20 Super-8: England ਨੇ Sri Lanka ਨੂੰ 51 ਦੌੜਾਂ ਨਾਲ ਹਰਾਇਆ

ਪਾਲੇਕਲ, 22 ਫਰਵਰੀ (ਪੰਜਾਬ ਮੇਲ)- ਪਾਲੇਕਲ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਸੁਪਰ-8 ਮੁਕਾਬਲੇ ਵਿੱਚ ਅੱਜ ਸ੍ਰੀਲੰਕਾ ਦੇ ਬੱਲੇਬਾਜ਼ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਗੇਂਦਬਾਜ਼ੀ ਅੱਗੇ ਪੂਰੀ ਤਰ੍ਹਾਂ ਬੇਵੱਸ ਨਜ਼ਰ ਆਏ। ਸ੍ਰੀਲੰਕਾ ਦੀ ਪੂਰੀ ਟੀਮ ਮਹਿਜ਼ 16.4 ਓਵਰਾਂ ਵਿੱਚ ਸਿਰਫ਼ 95 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਨੇ ਆਪਣੇ ਟੀ-20 ਵਿਸ਼ਵ ਕੱਪ ਦੇ ਸੁਪਰ-8 ਪੜਾਅ ਦੇ ਪਹਿਲੇ ਹੀ ਮੁਕਾਬਲੇ ਵਿੱਚ 51 ਦੌੜਾਂ ਦੀ ਵੱਡੀ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਘੱਟ ਸਕੋਰ ਬਣਾਉਣ ਦੇ ਬਾਵਜੂਦ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਸ੍ਰੀਲੰਕਾ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਜਿੱਤ ਨਾਲ ਇੰਗਲੈਂਡ ਨੇ ਟੂਰਨਾਮੈਂਟ ਦੇ ਅਗਲੇ ਪੜਾਅ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਲਈ ਹੈ। ਇਸ ਤੋਂ ਪਹਿਲਾਂ ਸਪਿੰਨਰ ਦੁਨਿਥ ਵੇਲਾਲਾਗੇ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ ਜਿਸ ਕਾਰਨ ਇੰਗਲੈਂਡ ਦੀ ਟੀਮ 9 ਵਿਕਟਾਂ ਦੇ ਨੁਕਸਾਨ ’ਤੇ ਸਿਰਫ਼ 146 ਦੌੜਾਂ ਹੀ ਬਣਾ ਸਕੀ। ਇੰਗਲੈਂਡ ਵੱਲੋਂ ਸਿਰਫ਼ ਫਿਲ ਸਾਲਟ ਹੀ ਟਿਕ ਕੇ ਖੇਡ ਸਕੇ ਜਿਨ੍ਹਾਂ ਨੇ 40 ਗੇਂਦਾਂ ਵਿੱਚ 62 ਦੌੜਾਂ ਦੀ ਪਾਰੀ ਖੇਡੀ ਜਦਕਿ ਉਨ੍ਹਾਂ ਦੇ ਬਾਕੀ ਸਾਥੀ ਬੱਲੇਬਾਜ਼ ਵਧੀਆ ਖੇਡ ਨਹੀਂ ਦਿਖਾ ਸਕੇ। ਹਾਲਾਂਕਿ ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਮੈਚ ਤੋਂ ਪਹਿਲਾਂ ਹਮਲਾਵਰ ਕ੍ਰਿਕਟ ਖੇਡਣ ਦਾ ਦਾਅਵਾ ਕੀਤਾ ਸੀ ਪਰ ਪਾਵਰਪਲੇਅ ਦੇ ਪਹਿਲੇ 6 ਓਵਰਾਂ ਵਿੱਚ ਹੀ ਸ੍ਰੀਲੰਕਾ ਨੇ ਇੰਗਲੈਂਡ ਨੂੰ ਸਿਰਫ਼ 37 ਦੌੜਾਂ ਹੀ ਬਣਾਉਣ ਦਿੱਤੀਆਂ ਤੇ ਇੰਗਲੈਂਡ ਦੀਆਂ ਦੋ ਵਿਕਟਾਂ ਵੀ ਡਿੱਗ ਗਈਆਂ।