#CANADA

Surrey ਤੋਂ ਅਵਤਾਰ ਸਿੰਘ ਗਿੱਲ ਲੜਨਗੇ ਐੱਮ.ਪੀ. ਦੀ ਚੋਣ!

ਸਰੀ, 1 ਅਪ੍ਰੈਲ (ਪੰਜਾਬ ਮੇਲ)- ਪ੍ਰਸਿੱਧ ਰਿਐਲਟਰ ਤੇ ਸਕਾਟ ਰੋਡ ਸਰੀ ਦੇ ਚੀਫ ਅਫਸਰ ਅਵਤਾਰ ਸਿੰਘ ਗਿੱਲ ਨੂੰ ਬੀ.ਸੀ. ਦੀ ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਇਲਾਕੇ ਤੋਂ ਚੋਣ ਮੈਦਾਨ ‘ਚ ਉਤਾਰਿਆ ਹੈ। ਜੇਕਰ ਅਵਤਾਰ ਸਿੰਘ ਦੀ ਵਿਦੇਸ਼ ‘ਚ ਰਿਹਾਇਸ਼ ਦੀ ਗੱਲ ਕਰੀਏ, ਤਾਂ ਉਹ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਕੈਨੇਡਾ ‘ਚ ਰਹਿ ਰਹੇ ਹਨ ਤੇ ਉਹ ਪਿੰਡ ਕਾਲੇਕੇ (ਬਾਘਾ ਪੁਰਾਣਾ) ਜ਼ਿਲ੍ਹਾ ਮੋਗਾ ਦੇ ਜੰਮਪਲ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ‘ਚ ਵਾਲੰਟੀਅਰ ਕੰਮਾਂ ਰਾਹੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ।
ਰਾਜਨੀਤਿਕ ਖ਼ੇਤਰ ਦੇ ਨਾਲ-ਨਾਲ ਸਮਾਜਿਕ ਖ਼ੇਤਰ ‘ਚ ਵੀ ਅਵਤਾਰ ਸਿੰਘ ਦੀਆਂ ਵੱਡੀਆਂ ਸੇਵਾਵਾਂ ਹਨ। ਉਹ ਗੁਰੂ ਨਾਨਕ ਫਰੀ ਕਿਚਨ ਦੇ ਮੁੱਢਲੇ ਮੈਂਬਰ ਵੀ ਹਨ, ਜੋ ਕਿ ਹਰ ਹਫ਼ਤੇ ਡਾਊਨਟਾਊਨ ਵੈਨਕੂਵਰ ‘ਚ ਲੋੜਵੰਦਾਂ ਨੂੰ ਲੰਗਰ ਛਕਾਉਂਦੇ ਹਨ, ਉਹ ਅਕਾਲ ਅਕੈਡਮੀ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਉਹ ਸਿੱਖ ਸੇਵਾ ਫਾਊਂਡੇਸ਼ਨ ਆਫ ਕੈਨੇਡਾ ਦੇ ਫਾਊਂਡਰ ਤੇ ਚੇਅਰਮੈਨ ਵੀ ਹਨ। ਇਸ ਤੋਂ ਇਲਾਵਾ ਉਹ ਕੈਨੇਡਾ ਦੀ ਸਭ ਤੋਂ ਪੁਰਾਤਨ ਸਿੱਖ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਫਾਈਵ ਰਿਵਰ ਸੁਸਾਇਟੀ ਦੇ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾਅ ਚੁੱਕੇ ਹਨ। ਇੰਨਾ ਹੀ ਨਹੀਂ, ਉਹ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ‘ਚ ਸੇਵਾਵਾਂ ਕਰ ਚੁੱਕੇ ਹਨ।
ਉਨ੍ਹਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਹੋਰ ਉਚੇਰੀ ਵਿੱਦਿਆ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰਾਪਤ ਕੀਤੀ। ਭਾਵੇਂ ਸਿਆਸੀ ਖ਼ੇਤਰ ਉਨ੍ਹਾਂ ਲਈ ਬਿਲਕੁਲ ਨਵੀਨ ਹੈ, ਪਰ ਉਹ ਭਾਈਚਾਰੇ ‘ਚ ਵਿਚਰਨ ਤੇ ਕੰਮ ਕਰਨ ਦਾ ਬਹੁਤ ਤਜ਼ਰਬਾ ਰੱਖਦੇ ਹਨ। ਪਿੰਡ ਕਾਲੇਕੇ ਤੇ ਇਲਾਕੇ ‘ਚ ਉਨ੍ਹਾਂ ਨੂੰ ਟਿਕਟ ਮਿਲਣ ‘ਤੇ ਖ਼ੁਸ਼ੀ ਦਾ ਮਾਹੌਲ ਹੈ ਤੇ ਦੇਸ਼-ਵਿਦੇਸ਼ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ।
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਅੱਜਕੱਲ੍ਹ ਪੰਜਾਬ ਫੇਰੀ ‘ਤੇ ਆਏ ਹੋਏ ਹਨ। ਉਨ੍ਹਾਂ ਦੀ ਇਸ ਖ਼ਬਰ ਤੋਂ ਬਾਅਦ ਪੰਜਾਬੀਆਂ ਦੇ ਨਾਲ-ਨਾਲ ਸਿੱਖ ਜਗਤ ‘ਚ ਵੀ ਖ਼ੁਸ਼ੀ ਦਾ ਮਾਹੌਲ ਹੈ। ਉਮੀਦ ਹੈ ਕਿ ਪੰਜਾਬੀ ਅਵਤਾਰ ਸਿੰਘ ਨੂੰ ਇਨ੍ਹਾਂ ਚੋਣਾਂ ‘ਚ ਜਿਤਾ ਕੇ ਵਿਧਾਨ ਸਭਾ ਭੇਜਣਗੇ ਤੇ ਅਵਤਾਰ ਸਿੰਘ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ।