#INDIA

Supreme Court ਵੱਲੋਂ ਕੇਜਰੀਵਾਲ ਤੇ ਸੰਜੈ ਸਿੰਘ ਵਿਰੁੱਧ ਮਾਣਹਾਨੀ ਦੀ ਸੁਣਵਾਈ ‘ਤੇ ਰੋਕ

– ਪ੍ਰਧਾਨ ਮੰਤਰੀ ਮੋਦੀ ਦੀ ਵਿਦਿਅਕ ਯੋਗਤਾ ‘ਤੇ ‘ਟਿੱਪਣੀਆਂ’ ਨਾਲ ਜੁੜਿਆ ਮਾਮਲਾ
– ਗੁਜਰਾਤ ਦੀ ਅਦਾਲਤ ‘ਚ ਚੱਲ ਰਹੀ ਹੈ ਸੁਣਵਾਈ
ਨਵੀਂ ਦਿੱਲੀ, 17 ਜਨਵਰੀ (ਪੰਜਾਬ ਮੇਲ)- ਗੁਜਰਾਤ ਯੂਨੀਵਰਸਿਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ‘ਆਪ’ ਸੰਸਦ ਮੈਂਬਰ ਸੰਜੈ ਸਿੰਘ ਵਿਰੁੱਧ ਦਾਇਰ ਮਾਣਹਾਨੀ ਮਾਮਲੇ ਦੀ ਸੁਣਵਾਈ ‘ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਅਕ ਯੋਗਤਾ ‘ਤੇ ਕਥਿਤ ਟਿੱਪਣੀਆਂ ਲਈ ਇਨ੍ਹਾਂ ਆਗੂਆਂ ਵਿਰੁੱਧ ਹੇਠਲੀ ਅਦਾਲਤ ‘ਚ ਸੁਣਵਾਈ ਚੱਲ ਰਹੀ ਹੈ। ਬੈਂਚ ਨੇ ਇਹ ਹੁਕਮ ਸੰਜੈ ਸਿੰਘ ਦੀ ਉਸ ਅਰਜ਼ੀ ‘ਤੇ ਸੁਣਵਾਈ ਕਰਦਿਆਂ ਦਿੱਤਾ ਹੈ, ਜਿਸ ਵਿਚ ਉਨ੍ਹਾਂ ਆਪਣੇ ਵਿਰੁੱਧ ਹੇਠਲੀ ਅਦਾਲਤ ਵਿਚ ਚੱਲ ਰਹੇ ਕੇਸ ਨੂੰ ਗੁਜਰਾਤ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਅਰਜ਼ੀ ਵਿਚ ਕਿਹਾ ਸੀ ਕਿ ਕੇਸ ਨੂੰ ਕੋਲਕਾਤਾ ਤਬਦੀਲ ਕੀਤਾ ਜਾ ਸਕਦਾ ਹੈ। ਸੁਪਰੀਮ ਕੋਰਟ ਨੇ ਗੁਜਰਾਤ ਹਾਈ ਕੋਰਟ ਨੂੰ ‘ਆਪ’ ਆਗੂਆਂ ਦੀ ਉਸ ਅਰਜ਼ੀ ‘ਤੇ ਚਾਰ ਹਫਤਿਆਂ ਵਿਚ ਫੈਸਲਾ ਲੈਣ ਲਈ ਕਿਹਾ ਹੈ, ਜਿਸ ਵਿਚ ਉਨ੍ਹਾਂ ਹੇਠਲੀ ਅਦਾਲਤ ਵੱਲੋਂ ਕੀਤੇ ਗਏ ਸੰਮਨ ਰੱਦ ਕਰਨ ਦੀ ਮੰਗ ਕੀਤੀ ਹੈ। ਬੈਂਚ ਨੇ ਕਿਹਾ ਕਿ ਹਾਈ ਕੋਰਟ ਦਾ ਫੈਸਲਾ ਆਉਣ ਤੱਕ ਸੁਣਵਾਈ ‘ਤੇ ਰੋਕ ਲਾਈ ਜਾਂਦੀ ਹੈ।