#CANADA

Strike ਕਾਰਨ ਅੱਜ ਮੈਟਰੋ ਵੈਨਕੂਵਰ ਖੇਤਰ ਵਿਚ BUS ਸੇਵਾ ਮੁਕੰਮਲ ਤੌਰ ‘ਤੇ ਠੱਪ ਰਹੀ

ਤਿੰਨ ਲੱਖ ਤੋਂ ਵਧੇਰੇ ਕੰਮਕਾਜੀ ਲੋਕ, ਵਿਦਿਆਰਥੀ ਅਤੇ ਆਮ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ
ਸਰੀ, 23 ਜਨਵਰੀ (ਹਰਦਮ ਮਾਨ/ਪੰਜਾਬ ਮੇਲ)-ਕੋਸਟ ਮਾਊਂਟੇਨ ਬੱਸ ਕੰਪਨੀ ਦੇ ਯੂਨੀਅਨ ਦੇ ਹੜਤਾਲ ਕਾਰਨ ਅੱਜ ਮੈਟਰੋ ਵੈਨਕੂਵਰ ਖੇਤਰ ਵਿੱਚ ਬੱਸ ਸੇਵਾ ਪੂਰੀ ਤਰ੍ਹਾਂ ਠੱਪ ਰਹੀ ਜਿਸ ਕਾਰਨ ਹਰ ਰੋਜ਼ ਸਫਰ ਕਰਨ ਵਾਲੇ 3 ਲੱਖ ਤੋਂ ਵਧੇਰੇ ਕੰਮਕਾਜੀ ਲੋਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇਹ ਹੜਤਾਲ ਬੱਸ ਕੰਪਨੀ ਦੇ 180 ਸੁਪਰਵਾਈਜਰਾਂ ਦੀ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਕੋਸਟ ਮਾਊਂਟੇਨ BUS ਕੰਪਨੀ ਵੱਲੋਂ ਸਵੀਕਾਰ ਨਾ ਕਰਨ ਅਤੇ ਦੋਹਾਂ ਧਿਰਾਂ ਵਿਚਕਾਰ ਹੋਈ ਗੱਲਬਾਤ ਸਿਰੇ ਨਾ ਚੜ੍ਹਨ ਕਾਰਨ ਹੋਈ। ਇਹ ਹੜਤਾਲ ਕੱਲ ਨੂੰ ਵੀ ਜਾਰੀ ਰਹੇਗੀ ਅਤੇ ਲੋਕਾਂ ਨੂੰ ਔਖਿਆਈ ਦਾ ਸਾਹਮਣਾ ਕੱਲ੍ਹ ਨੂੰ ਵੀ ਕਰਨ ਪਵੇਗਾ। ਪਰਸੋਂ ਸਵੇਰੇ ਇਸ ਹੜਤਾਲ ਦੇ ਖੁੱਲ੍ਹਣ ਦੀ ਆਸ ਹੈ।
ਇਸੇ ਦੌਰਾਨ ਕੋਸਟ ਮਾਊਂਟੇਨ ਬੱਸ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ: “CUPE Local 4500 ਨਾਲ ਸਮਝੌਤਾ ਕਰਨ ਲਈ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੁਪਰਵਾਈਜ਼ਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੇ ਉਜਰਤ ਵਾਧੇ ਦੀ ਆਪਣੀ ਮੰਗ ਨੂੰ ਐਡਜਸਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਜਦੋਂ ਕਿ ਇਹ ਵਾਧਾ ਕੋਸਟ ਮਾਊਂਟੇਨ ਬੱਸ ਕੰਪਨੀ ਦੀਆਂ ਹੋਰ ਸਾਰੀਆਂ ਯੂਨੀਅਨਾਂ ਅਤੇ ਅਣਗਿਣਤ ਹੋਰ ਜਨਤਕ ਖੇਤਰ ਦੇ ਕਰਮਚਾਰੀਆਂ ਦੁਆਰਾ ਸਵੀਕਾਰ ਕੀਤੇ ਗਏ ਉਜਰਤ ਵਾਧੇ ਨਾਲੋਂ ਵਧੇਰੇ ਹੈ।
ਦੂਜੇ ਪਾਸੇ ਯੂਨੀਅਨ CUPE 4500 ਦੇ ਬੁਲਾਰੇ ਲਿਆਮ ਓ’ਨੀਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਲੋਕਾਂ ਨੂੰ ਹੜਤਾਲ ਕਾਰਨ ਆ ਰਹੀਆਂ ਮੁਸ਼ਕਿਲਾਂ ਦਾ ਅਫਸੋਸ ਹੈ ਅਤੇ ਯੂਨੀਅਨ ਨੇ ਹੜਤਾਲ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਵਿਚੋਲਗੀ ਵਿਚ 20 ਘੰਟੇ ਤੋਂ ਵੱਧ ਸਮਾਂ ਉਡੀਕ ਕੀਤੀ। ਯੂਨੀਅਨ ਨੇ ਸਮਝੌਤੇ ਦੀ ਪੇਸ਼ਕਸ਼ ਕੀਤੀ ਪਰ ਕੋਸਟ ਮਾਉਂਟੇਨ ਨੇ ਉਨ੍ਹਾਂ ਦੇ ਪ੍ਰਸਤਾਵਾਂ ਨੂੰ ਸਵੀਕਾਰ ਕਰਨ ਲਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਕਿਹਾ ਕਿ ਸੁਪਰਵਾਈਜ਼ਰਾਂ ਦੀਆਂ ਅਣਉਚਿਤ ਉਜਰਤਾਂ ਨੂੰ ਫਿਕਸ ਕਰਨ ਨਾਲ ਤਨਖਾਹਾਂ ਅਤੇ ਲਾਭਾਂ ਲਈ ਕੋਸਟ ਮਾਉਂਟੇਨ ਬੱਸ ਬਜਟ ਦਾ ਸਿਰਫ 0.05 ਪ੍ਰਤੀਸ਼ਤ ਤੋਂ ਵੀ ਘੱਟ ਖਰਚ ਆਵੇਗਾ।
ਟ੍ਰਾਂਸਲਿੰਕ ਦੇ ਸੀਈਓ ਕੇਵਿਨ ਕੁਇਨ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਹੜਤਾਲ ਤੋਂ ਨਿਰਾਸ਼ ਹਨ, ਜਿਸ ਕਾਰਨ 300,000 ਕੋਸਟ ਮਾਉਂਟੇਨ ਗਾਹਕ ਪ੍ਰਭਾਵਿਤ ਹੋਏ ਹਨ।