#EUROPE

Scotland ਦੇ ਇਕ ਝਰਨੇ ‘ਚ ਡੁੱਬਣ ਕਾਰਨ ਦੋ ਭਾਰਤੀ ਵਿਦਿਆਰਥੀ ਦੀ ਮੌਤ

ਲੰਡਨ, 20 ਅਪ੍ਰੈਲ (ਪੰਜਾਬ ਮੇਲ)- ਯੂ.ਕੇ. ਦੀ ਇੱਕ ਯੂਨੀਵਰਸਿਟੀ ‘ਚ ਪੜ੍ਹਦੇ ਦੋ ਭਾਰਤੀ ਵਿਦਿਆਰਥੀਆਂ ਦੀ ਸਕਾਟਲੈਂਡ ਦੇ ਇੱਕ ਝਰਨੇ ‘ਚ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਵਿਦਿਆਰਥੀ ਭਾਰਤੀ ਸੂਬੇ ਆਂਧਰਾ ਪ੍ਰਦੇਸ਼ ਦੇ ਵਾਸੀ ਹਨ, ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਸੀ। ਪੁਲਿਸ ਸਕਾਟਲੈਂਡ ਵੱਲੋਂ ਹਾਲੇ ਤੱਕ ਇਨ੍ਹਾਂ ਦੀ ਪਛਾਣ ਨਹੀਂ ਦੱਸੀ ਗਈ। ਇਹ ਘਟਨਾ ਬੁੱਧਵਾਰ ਰਾਤ ਨੂੰ ਪਰਥਸ਼ਾਇਰ ਵਿਚ ਬਲੇਅਰ ਆਫ ਐਥੌਲ ਨੇੜੇ ਲਿਨ ਆਫ ਟੂਮੈੱਲ ਵਿਚ ਵਾਪਰੀ, ਜਦੋਂ ਇੱਕ ਗਰੁੱਪ ਵਿਚੋਂ ਦੋ ਵਿਅਕਤੀ ਪਾਣੀ ਵਿਚ ਡਿੱਗ ਪਏ। ਉਨ੍ਹਾਂ ਦੇ ਦੋਸਤਾਂ ਵੱਲੋਂ ਮਦਦ ਲਈ ਰੌਲਾ ਪਾਏ ਜਾਣ ਮਗਰੋਂ ਸਕਾਟਿਸ਼ ਫਾਇਰ ਐਂਡ ਰੈਸਿਕਊ ਸਰਵਿਸ ਨੇ ਬਚਾਅ ਵਾਸਤੇ ਸਹਾਇਤਾ ਲਈ ਕਿਸ਼ਤੀ ਟੀਮ ਅਤੇ ਜਹਾਜ਼ ਭੇਜੇ। ਪੁਲਿਸ ਸਕਾਟਲੈਂਡ ਦੇ ਇੱਕ ਤਰਜਮਾਨ ਨੇ ਕਿਹਾ, ”ਸਾਨੂੰ 17 ਅਪ੍ਰੈਲ ਬੁੱਧਵਾਰ ਨੂੰ ਸ਼ਾਮ 7 ਵਜੇ, 22 ਤੋਂ 26 ਸਾਲ ਦੇ ਦੋ ਵਿਅਕਤੀਆਂ ਦੇ ਬਲੇਅਰ ਆਫ ਐਥੌਲ ਨੇੜੇ ਲਿਨ ਆਫ ਟੂਮੈੱਲ ਝਰਨੇ ‘ਚ ਡਿੱਗਣ ਦੀ ਸੂਚਨਾ ਮਿਲੀ।” ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਦਾ ਅਮਲਾ ਮੌਕੇ ‘ਤੇ ਪਹੁੰਚਿਆ ਤੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਘਟਨਾ ਦੇ ਸਬੰਧ ‘ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ। ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਦੋ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ। ਈਡਨਬਰਗ ‘ਚ ਭਾਰਤੀ ਕੌਂਸਲੇਟ ਜਨਰਲ ਮ੍ਰਿਤਕ ਵਿਦਿਆਰਥੀਆਂ ਦੇ ਪਰਿਵਾਰਾਂ ਨਾਲ ਸੰਪਰਕ ਵਿਚ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਡੁੰਡੀ ਯੂਨੀਵਰਸਿਟੀ ਨੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪੋਸਟਮਾਰਟਮ ਹੋਣ ਮਗਰੋਂ ਦੇਹਾਂ ਭਾਰਤ ਭੇਜਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।