#AMERICA

San Mateo ਵਿਚ ਭਾਰਤੀ ਮੂਲ ਦਾ ਪਰਿਵਾਰ ਸ਼ੱਕੀ ਹਾਲਾਤ ਵਿਚ ਮ੍ਰਿਤਕ

ਸੈਨ ਮਾਟੇਓ (ਕੈਲੀਫੋਰਨੀਆ), 15 ਫਰਵਰੀ (ਪੰਜਾਬ ਮੇਲ)- ਇਥੋਂ ਦੇ ਸੈਨ ਮਾਟੇਓ ਵਿਚ ਇਕ ਭਾਰਤੀ ਮੂਲ ਦਾ ਪਰਿਵਾਰ ਸ਼ੱਕੀ ਹਾਲਾਤ ਵਿਚ ਮ੍ਰਿਤਕ ਪਾਇਆ ਗਿਆ। ਮਰਨ ਵਾਲਿਆਂ ਵਿਚ ਕੇਰਲ ਦੇ ਇਕ ਪਰਿਵਾਰ ਦੇ ਚਾਰ ਸ਼ਾਮਲ ਹਨ। ਇਸ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਮਾਸੂਮ ਬੱਚੇ ਸ਼ਾਮਲ ਸਨ। ਪੁਲਿਸ ਨੂੰ ਕਤਲ-ਆਤਮ ਹੱਤਿਆ ਦਾ ਸ਼ੱਕ ਹੈ। ਮੌਤ ਦੇ ਪਿੱਛੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਦੱਸਿਆ ਕਿ 13 ਫਰਵਰੀ ਨੂੰ ਕੈਲੀਫੋਰਨੀਆ ਦੇ ਸੈਨ ਮਾਟੇਓ ਵਿਚ ਇਕ ਭਾਰਤੀ-ਅਮਰੀਕੀ ਪਰਿਵਾਰ ਦੇ ਚਾਰ ਜਣੇ, ਜਿਸ ਵਿਚ ਦੋ ਜੁੜਵਾਂ ਬੱਚਿਆਂ ਵੀ ਸ਼ਾਮਲ ਸਨ, ਉਨ੍ਹਾਂ ਦੇ ਘਰ ਵਿਚ ਮ੍ਰਿਤਕ ਪਾਏ ਗਏ ਸਨ।
ਇਕ ਬਿਆਨ ਵਿਚ, ਸੈਨ ਮਾਟੇਓ ਪੁਲਿਸ ਵਿਭਾਗ ਨੇ ਕਿਹਾ ਕਿ ਪੀੜਤਾਂ ਵਿਚੋਂ ਦੋ ਨੂੰ ਗੋਲ਼ੀ ਮਾਰ ਦਿੱਤੀ ਗਈ ਸੀ, ਜਦਕਿ ਬਾਕੀ ਦੋ ਦੀ ਮੌਤ ਦਾ ਕਾਰਨ ਅਜੇ ਵੀ ਅਣਜਾਣ ਹੈ। ਮ੍ਰਿਤਕਾਂ ਦੀ ਪਛਾਣ ਆਨੰਦ ਸੁਜੀਤ ਹੈਨਰੀ (42), ਉਸ ਦੀ ਪਤਨੀ ਐਲਿਸ ਪ੍ਰਿਅੰਕਾ (40) ਤੇ ਉਨ੍ਹਾਂ ਦੇ ਜੁੜਵਾ ਬੱਚਿਆਂ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਸੈਨ ਮਾਟੇਓ ਪੁਲਿਸ ਨੇ ਕਿਹਾ, ”ਦੁੱਖ ਦੀ ਗੱਲ ਹੈ ਕਿ ਦੋਵੇਂ ਬੱਚੇ ਆਪਣੇ ਕਮਰੇ ਵਿਚ ਮ੍ਰਿਤਕ ਪਾਏ ਗਏ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਚੱਲ ਰਹੀ ਹੈ। ਬਾਥਰੂਮ ਦੇ ਅੰਦਰ ਗੋਲ਼ੀ ਲੱਗਣ ਕਾਰਨ ਪਤੀ-ਪਤਨੀ ਦੋਵਾਂ ਦੀ ਮੌਤ ਹੋ ਗਈ। ਸੈਨ ਮਾਟੇਓ ਪੁਲਿਸ ਨੇ ਦੱਸਿਆ ਕਿ ਬਾਥਰੂਮ ਵਿਚ ਇਕ ਭਰੀ ਹੋਈ 9 ਮਿ. ਮੀ. ਪਿਸਤੌਲ ਤੇ ਇਕ ਮੈਗਜ਼ੀਨ ਵੀ ਮਿਲਿਆ ਹੈ। ਜਦੋਂ ਕਿ ਸ਼ੁਰੂਆਤੀ ਸ਼ੱਕ ਕਾਰਬਨ ਮੋਨੋਆਕਸਾਈਡ ਲੀਕ ਹੋਣ ਵੱਲ ਇਸ਼ਾਰਾ ਕਰਦਾ ਸੀ। ਪਰ ਅਜੇ ਤੱਕ ਅਧਿਕਾਰੀਆਂ ਨੂੰ ਘਰ ਵਿਚ ਗੈਸ ਲੀਕ ਹੋਣ ਜਾਂ ਨੁਕਸਦਾਰ ਉਪਕਰਨਾਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ।