#PUNJAB

S.G.P.C. ਹਰਿਆਣਾ ਦੀਆਂ 8 ਸੀਟਾਂ ‘ਤੇ ਚੋਣਾਂ ਕਰਵਾਉਣ ਲਈ ਤਿਆਰ

-ਹਾਈਕੋਰਟ ‘ਚ ਦਾਖ਼ਲ ਕੀਤਾ ਜਵਾਬ
ਚੰਡੀਗੜ੍ਹ, 19 ਦਸੰਬਰ (ਪੰਜਾਬ ਮੇਲ)- ਹਰਿਆਣਾ ਵਿਚ ਗੁਰਦੁਆਰਾ ਚੋਣਾਂ ਕਰਵਾਉਣ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈਕੋਰਟ ‘ਚ ਆਪਣਾ ਜਵਾਬ ਦਾਖਲ ਕੀਤਾ ਹੈ। ਐੱਸ.ਜੀ.ਪੀ.ਸੀ. ਨੇ ਜਵਾਬ ਦਾਖਲ ਕਰਕੇ ਕਿਹਾ ਹੈ ਕਿ ਉਹ ਹਰਿਆਣਾ ਵਿਚ ਸਾਰੀਆਂ 8 ਸੀਟਾਂ ‘ਤੇ ਚੋਣਾਂ ਕਰਵਾਉਣ ਲਈ ਤਿਆਰ ਹੈ।
ਪਟੀਸ਼ਨਰਾਂ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਕੇਂਦਰ ਸਰਕਾਰ ਦੇ 1996 ਦੇ ਨੋਟੀਫਿਕੇਸ਼ਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਬੋਰਡ ਦੀਆਂ 120 ਸੀਟਾਂ ਨਿਸ਼ਚਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚੋਂ 8 ਸੀਟਾਂ ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਹਿਸਾਰ, ਸਿਰਸਾ ਅਤੇ ਡੱਬਵਾਲੀ ਹਰਿਆਣਾ ਦੀਆਂ ਹਨ।
ਸੀਨੀਅਰ ਵਕੀਲ ਅਕਸ਼ੈ ਭਾਨ ਨੇ ਦੱਸਿਆ ਕਿ ਦਾਖਲ ਪਟੀਸ਼ਨ ਵਿਚ ਐੱਸ.ਜੀ.ਪੀ.ਸੀ. ਵੱਲੋਂ ਕਿਹਾ ਗਿਆ ਹੈ ਕਿ ਗੁਰਦੁਆਰਿਆਂ ਦੀ ਮੈਨੇਜਮੈਂਟ ਹਰਿਆਣਾ ਐੱਸ.ਜੀ.ਪੀ.ਸੀ. ਕੋਲ ਹੈ, ਜੋ ਕਿ ਬਿਲਕੁਲ ਜਾਇਜ਼ ਹੈ, ਪਰ ਜਿਹੜਾ ਵੋਟਿੰਗ ਦਾ ਹੱਕ ਹੈ, ਉਹ 1925 ਸੈਂਟਰਲ ਐਕਟ ਤਹਿਤ ਹੈ ਅਤੇ ਜਿਸ ਵਿਚ ਅੱਜ ਤੱਕ ਸੋਧ ਨਹੀਂ ਹੋਈ। ਇਸ ਤੋਂ ਇਲਾਵਾ ਐੱਸ.ਜੀ.ਪੀ.ਸੀ. ਨੇ ਖੁਦ ਵੀ ਇਸ ਨੂੰ ਜਾਇਜ਼ ਮੰਨਿਆ ਹੈ ਕਿ ਗੁਰਦੁਆਰਿਆਂ ਦੀ ਮੈਨੇਜਮੈਂਟ ਵੱਖ ਹੈ ਅਤੇ ਵੋਟਿੰਗ ਹੱਕ ਵੱਖਰਾ ਹੈ। ਇਸ ਲਈ ਉਨ੍ਹਾਂ ਨੂੰ ਵੋਟਿੰਗ ਦਾ ਹੱਕ ਦਿੱਤਾ ਜਾਵੇ।
ਹੁਣ ਐੱਸ.ਜੀ.ਪੀ.ਸੀ. ਨੇ ਵੀ ਇਸ ਮਾਮਲੇ ਵਿਚ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਮੁੱਚੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ, ਇਸ ਲਈ ਉਹ ਇਸ ਪਟੀਸ਼ਨ ਵਿਚ ਉਠਾਈਆਂ ਮੰਗਾਂ ਨਾਲ ਸਹਿਮਤ ਹੈ ਅਤੇ ਹਰਿਆਣਾ ਦੀਆਂ ਇਨ੍ਹਾਂ ਸੀਟਾਂ ‘ਤੇ ਚੋਣਾਂ ਕਰਵਾਉਣ ਲਈ ਤਿਆਰ ਹੈ।
ਦੂਜੇ ਪਾਸੇ ਕੇਂਦਰ ਸਰਕਾਰ ਨੇ ਪਟੀਸ਼ਨ ‘ਤੇ ਆਪਣਾ ਜਵਾਬ ਦਾਇਰ ਕਰਨ ਲਈ ਕੁਝ ਸਮਾਂ ਮੰਗਿਆ ਹੈ।