#EUROPE

Russia ਵੱਲੋਂ Ukraine ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ

ਕੀਵ, 30 ਦਸੰਬਰ (ਪੰਜਾਬ ਮੇਲ)- ਰੂਸ ਨੇ ਯੂਕਰੇਨ ‘ਚ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ 122 ਮਿਜ਼ਾਈਲਾਂ ਅਤੇ 36 ਡਰੋਨ ਦਾਗ਼ੇ। ਹਮਲੇ ‘ਚ 13 ਵਿਅਕਤੀ ਮਾਰੇ ਗਏ ਹਨ। ਯੂਕਰੇਨੀ ਹਵਾਈ ਸੈਨਾ ਦੇ ਅਧਿਕਾਰੀ ਮੁਤਾਬਕ 22 ਮਹੀਨੇ ਪੁਰਾਣੀ ਜੰਗ ‘ਚ ਰੂਸ ਵੱਲੋਂ ਕੀਤਾ ਗਿਆ ਇਹ ਸਭ ਤੋਂ ਵੱਡਾ ਹਵਾਈ ਹਮਲਾ ਹੈ। ਯੂਕਰੇਨ ਦੇ ਫ਼ੌਜ ਮੁਖੀ ਵਾਲੇਰੀ ਜ਼ਾਲੂਜ਼ਿਨਈ ਨੇ ਕਿਹਾ ਕਿ ਹਵਾਈ ਸੈਨਾ ਨੇ 87 ਮਿਜ਼ਾਈਲਾਂ ਅਤੇ 27 ਡਰੋਨਾਂ ਨੂੰ ਹਵਾ ‘ਚ ਮਾਰ ਸੁੱਟਿਆ। ਹਵਾਈ ਸੈਨਾ ਕਮਾਂਡਰ ਮਾਈਕੋਲਾ ਓਲੇਸਚੁਕ ਨੇ ਟੈਲੀਗ੍ਰਾਮ ਚੈਨਲ ‘ਤੇ ਲਿਖਿਆ ਕਿ ਫਰਵਰੀ 2022 ‘ਚ ਸ਼ੁਰੂ ਹੋਈ ਜੰਗ ਤੋਂ ਬਾਅਦ ਰੂਸ ਵੱਲੋਂ ਇਹ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ ਗਿਆ ਹੈ। ਯੂਕਰੇਨੀ ਹਵਾਈ ਸੈਨਾ ਮੁਤਾਬਕ ਪਿਛਲਾ ਸਭ ਤੋਂ ਵੱਡਾ ਹਮਲਾ ਨਵੰਬਰ 2022 ‘ਚ ਹੋਇਆ ਸੀ, ਜਦੋਂ ਰੂਸ ਨੇ ਯੂਕਰੇਨ ਖ਼ਿਲਾਫ਼ 96 ਮਿਜ਼ਾਈਲਾਂ ਦਾਗ਼ੀਆਂ ਸਨ। ਇਸ ਸਾਲ ਰੂਸ ਨੇ 9 ਮਾਰਚ ਨੂੰ 81 ਮਿਜ਼ਾਈਲਾਂ ਦਾਗ਼ੀਆਂ ਸਨ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਤਕਰੀਬਨ 18 ਘੰਟੇ ਲਗਾਤਾਰ ਕੀਤੇ ਗਏ ਹਮਲਿਆਂ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਮਲਬੇ ਹੇਠਾਂ ਦੱਬੇ ਗਏ ਹਨ। ਹਮਲੇ ਦੌਰਾਨ ਜ਼ੱਚਾ-ਬੱਚਾ ਹਸਪਤਾਲ, ਅਪਾਰਟਮੈਂਟ ਬਲਾਕਾਂ ਅਤੇ ਕਈ ਸਕੂਲਾਂ ਨੂੰ ਨੁਕਸਾਨ ਪਹੁੰਚਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਰੂਸ ਨੇ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਸਮੇਤ ਕਈ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕੀਤੀ ਹੈ। ਹਵਾਈ ਸੈਨਾ ਦੇ ਤਰਜਮਾਨ ਯੂਰੀ ਇਹਨਾਤ ਨੇ ਕਿਹਾ ਕਿ ਰੂਸ ਨੇ ਪਣਡੁੱਬੀ ਤੋਂ ਦਾਗ਼ੀਆਂ ਜਾਣ ਵਾਲੀਆਂ ਕਾਲੀਬਰ ਮਿਜ਼ਾਈਲਾਂ ਨੂੰ ਛੱਡ ਕੇ ਆਪਣੇ ਬਾਕੀ ਸਾਰੇ ਹਥਿਆਰਾਂ ਦੀ ਤਾਕਤ ਝੋਕ ਦਿੱਤੀ ਹੈ।