ਕੋਨਕੋਰਡ, 13 ਦਸੰਬਰ (ਪੰਜਾਬ ਮੇਲ)- ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਭਾਰਤੀ ਮੂਲ ਦੇ ਅਮਰੀਕੀ ਨੇਤਾ ਵਿਵੇਕ ਰਾਮਾਸਵਾਮੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਨਿਊ ਹੈਂਪਸ਼ਾਇਰ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੈਡਰਲ ਵਕੀਲਾਂ ਨੇ ਕਿਹਾ ਕਿ ਦੋਸ਼ੀ ‘ਤੇ ਸੋਮਵਾਰ ਨੂੰ ਹੋਣ ਵਾਲੇ ਪ੍ਰਚਾਰ ਪ੍ਰੋਗਰਾਮ ਤੋਂ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਧਮਕੀ ਭਰੇ ਸੰਦੇਸ਼ ਭੇਜਣ ਦਾ ਦੋਸ਼ ਹੈ। ਇਸ ਮੈਸੇਜ ਵਿਚ ਮੁਲਜ਼ਮ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਗ੍ਰਿਫ਼ਤਾਰ ਕੀਤੇ ਸ਼ੱਕੀ ਨੇ ਦੋ ਸੰਦੇਸ਼ ਭੇਜੇ, ਜਿਨ੍ਹਾਂ ਵਿਚੋਂ ਇਕ ਵਿਚ ਉਮੀਦਵਾਰ ਦੇ ਸਿਰ ਵਿਚ ਗੋਲੀ ਮਾਰਨ ਅਤੇ ਦੂਜੇ ਵਿਚ ਸਮਾਗਮ ਵਿਚ ਮੌਜੂਦ ਸਾਰੇ ਲੋਕਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ।
ਅਮਰੀਕੀ ਅਟਾਰਨੀ ਦਫਤਰ ਨੇ ਉਮੀਦਵਾਰ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਰਾਮਾਸਵਾਮੀ ਦੇ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਸੰਦੇਸ਼ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਸਟੀਫਨ ਮਾਈਚਾਜ਼ਲੀਵ ਨੇ ਇੱਕ ਬਿਆਨ ਵਿਚ ਕਿਹਾ,ਅਸੀਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੇ ਧੰਨਵਾਦੀ ਹਾਂ, ਜਿਸ ਨਾਲ ਉਨ੍ਹਾਂ ਨੇ ਇਸ ਮਾਮਲੇ ਨੂੰ ਸੰਭਾਲਿਆ ਅਤੇ ਸਾਰੇ ਅਮਰੀਕੀਆਂ ਦੀ ਸੁਰੱਖਿਆ ਦੀ ਕਾਮਨਾ ਕਰਦੇ ਹਾਂ।
ਡੋਵਰ ਦੇ 30 ਸਾਲਾ ਟਾਇਲਰ ਐਂਡਰਸਨ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ‘ਤੇ ਧਮਕੀ ਭਰੇ ਸੰਦੇਸ਼ ਭੇਜਣ ਦਾ ਦੋਸ਼ ਹੈ। ਸੋਮਵਾਰ ਨੂੰ ਅਦਾਲਤ ‘ਚ ਸ਼ੁਰੂਆਤੀ ਸੁਣਵਾਈ ਦੌਰਾਨ ਦੋਸ਼ੀ ਨੇ ਜੱਜ ਦੇ ਸਾਹਮਣੇ ਕੁਝ ਨਹੀਂ ਕਿਹਾ। ਉਸ ਦੇ ਅਦਾਲਤ ਦੁਆਰਾ ਨਿਯੁਕਤ ਵਕੀਲ ਨੇ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਅਗਲੀ ਸੁਣਵਾਈ ਵੀਰਵਾਰ ਨੂੰ ਤੈਅ ਕੀਤੀ ਗਈ ਹੈ।