#PUNJAB

RDX ਮਾਮਲੇ ‘ਚ ਜਗਤਾਰ ਸਿੰਘ ਹਵਾਰਾ ਬਰੀ

ਚੰਡੀਗੜ੍ਹ, 23 ਨਵੰਬਰ (ਪੰਜਾਬ ਮੇਲ)- ਇਥੋਂ ਦੇ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਦੇ ਦੋਸ਼ੀ ਕਰਾਰ ਦਿੱਤੇ ਜਗਤਾਰ ਸਿੰਘ ਹਵਾਰਾ ਨੂੰ ਆਰ.ਡੀ.ਐੱਕਸ ਮਾਮਲੇ ‘ਚੋਂ ਬਰੀ ਕਰ ਦਿੱਤਾ ਹੈ। ਉਹ ਤਿਹਾੜ ਜੇਲ੍ਹ ‘ਚ ਬੰਦ ਹੈ। ਇਹ ਫ਼ੈਸਲਾ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਾਇਆ ਹੈ। ਚੰਡੀਗੜ੍ਹ ਪੁਲਿਸ ਨੇ ਹਵਾਰਾ ਦੇ ਸਾਥੀਆਂ ਕਮਲਜੀਤ ਸਿੰਘ ਤੇ ਪਰਮਜੀਤ ਸਿੰਘ ਨੂੰ ਸੈਕਟਰ-35 ਵਿਚੋਂ ਆਰ.ਡੀ.ਐੱਕਸ ਸਣੇ ਗ੍ਰਿਫ਼ਤਾਰ ਕਰਕੇ ਥਾਣਾ ਸੈਕਟਰ-36 ਵਿਚ ਕੇਸ ਦਰਜ ਕੀਤਾ ਸੀ। ਪੁਲਿਸ ਦਾ ਕਹਿਣਾ ਸੀ ਕਿ ਕਮਲਜੀਤ ਸਿੰਘ ਤੇ ਪਰਮਜੀਤ ਸਿੰਘ ਤੋਂ ਪੁੱਛ-ਪੜਤਾਲ ਦੌਰਾਨ ਆਰ.ਡੀ.ਐੱਕਸ ਸਪਲਾਈ ਕਰਨ ਸਬੰਧੀ ਹਵਾਰਾ ਦਾ ਨਾਂ ਸਾਹਮਣੇ ਆਇਆ ਸੀ। ਹਵਾਰਾ ਦੇ ਬਚਾਅ ਲਈ ਵਕੀਲ ਅਮਰ ਸਿੰਘ ਚਾਹਲ ਨੇ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਹਵਾਰਾ ਨੂੰ ਇਸ ਕੇਸ ‘ਚੋਂ ਬਰੀ ਕਰ ਦਿੱਤਾ।