#PUNJAB

PM ਮੋਦੀ 1 ਫਰਵਰੀ ਨੂੰ ਆਉਣਗੇ ਜਲੰਧਰ

ਜਲੰਧਰ, 30 ਜਨਵਰੀ (ਪੰਜਾਬ ਮੇਲ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੀ ਤਰੀਕ ਨੂੰ ਲੈ ਕੇ ਭਾਜਪਾ ਆਗੂਆਂ ‘ਚ ਪੈਦਾ ਹੋਇਆ ਭੰਬਲਭੂਸਾ ਹੁਣ ਖ਼ਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਨੂੰ ਜਲੰਧਰ ਪਹੁੰਚਣਗੇ, ਜਿਸ ਦੀ ਪੁਸ਼ਟੀ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਕੀਤੀ ਗਈ ਹੈ। ਦੌਰੇ ਦੀ ਤਰੀਕ ਨੂੰ ਲੈ ਕੇ ਰਿਹਾ ਭਾਰੀ ਕਨਫਿਊਜ਼ਨ
ਆਗੂਆਂ ਦੇ ਵੱਖ-ਵੱਖ ਬਿਆਨ: ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਪਹਿਲਾਂ ਹੀ 1 ਫਰਵਰੀ ਦੀ ਤਰੀਕ ਦੱਸੀ ਸੀ, ਪਰ ਚੰਡੀਗੜ੍ਹ ਪਹੁੰਚੇ ਮਨਜਿੰਦਰ ਸਿੰਘ ਸਿਰਸਾ ਨੇ ਪਹਿਲਾਂ 2 ਫਰਵਰੀ ਦਾ ਨਾਂ ਲਿਆ ਸੀ। ਬਾਅਦ ਵਿੱਚ ਸਿਰਸਾ ਦੇ ਦਫ਼ਤਰ ਨੇ ਸਪੱਸ਼ਟ ਕੀਤਾ ਕਿ ਉਹਨਾਂ ਕੋਲੋਂ ਗਲਤੀ ਨਾਲ 2 ਫਰਵਰੀ ਕਹਿ ਹੋ ਗਿਆ ਸੀ ਅਤੇ ਹੁਣ 1 ਫਰਵਰੀ ਦੀ ਤਰੀਕ ਹੀ ਫਾਈਨਲ ਹੈ।  ਜਲੰਧਰ ਦੇ ਭਾਜਪਾ ਆਗੂ ਕੇਡੀ ਭੰਡਾਰੀ ਅਨੁਸਾਰ, ਪ੍ਰਧਾਨ ਮੰਤਰੀ ਦੀ ਸੁਰੱਖਿਆ ਟੀਮ ਪਹਿਲਾਂ ਹੀ ਜਲੰਧਰ ਪਹੁੰਚ ਚੁੱਕੀ ਹੈ।

ਦੌਰੇ ਦੇ ਮੁੱਖ ਪ੍ਰੋਗਰਾਮ
ਡੇਰਾ ਸੱਚਖੰਡ ਬੱਲਾਂ ਦੀ ਯਾਤਰਾ: ਪ੍ਰਧਾਨ ਮੰਤਰੀ ਜਲੰਧਰ ਵਿੱਚ ਰਵਿਦਾਸੀਆ ਸਮਾਜ ਦੇ ਸਭ ਤੋਂ ਵੱਡੇ ਡੇਰੇ, ਡੇਰਾ ਸੱਚਖੰਡ ਬੱਲਾਂ ਜਾਣਗੇ। ਉਹ ਉੱਥੇ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕਰਨਗੇ ਅਤੇ ਉਹਨਾਂ ਦਾ ਆਸ਼ੀਰਵਾਦ ਲੈਣਗੇ।

ਹਲਵਾਰਾ ਏਅਰਪੋਰਟ ਦਾ ਉਦਘਾਟਨ
ਇਸ ਦੌਰੇ ਦੌਰਾਨ ਪੀਐਮ ਮੋਦੀ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਵਰਚੁਅਲ ਤਰੀਕੇ ਨਾਲ ਉਦਘਾਟਨ ਵੀ ਕਰ ਸਕਦੇ ਹਨ। ਭਾਜਪਾ ਵੱਲੋਂ ਇਸ ਦੌਰੇ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ ਅਤੇ ਸੁਰੱਖਿਆ ਏਜੰਸੀਆਂ ਨੇ ਵੀ ਮੋਰਚਾ ਸੰਭਾਲ ਲਿਆ ਹੈ।