#PUNJAB

Passport ਬਣਾਉਣ ‘ਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਾ

ਪੰਜਾਬ ਵਿਚ ਨੌਂ ਸਾਲਾਂ ‘ਚ 79.05 ਲੱਖ ਪਾਸਪੋਰਟ ਬਣੇ
ਚੰਡੀਗੜ੍ਹ, 6 ਦਸੰਬਰ (ਪੰਜਾਬ ਮੇਲ)-ਪਾਸਪੋਰਟ ਬਣਾਉਣ ਵਿਚ ਪੰਜਾਬ ਮੁੜ ਸਿਖਰ ਵੱਲ ਵਧਣ ਲੱਗਾ ਹੈ। ਕੋਰੋਨਾ ਮਹਾਮਾਰੀ ਕਾਰਨ ਪਾਸਪੋਰਟਾਂ ਦੀ ਆਈ ਹਨੇਰੀ ਨੂੰ ਕੁਝ ਸਮਾਂ ਠੱਲ੍ਹ ਪਈ ਸੀ ਪਰ ਇਹ ਰਫ਼ਤਾਰ ਮੁੜ ਤੇਜ਼ੀ ਫੜਨ ਲੱਗ ਪਈ ਹੈ। ਬੇਸ਼ੱਕ ‘ਆਪ’ ਸਰਕਾਰ ਨੇ ‘ਵਤਨ ਵਾਪਸੀ’ ਦੇ ਏਜੰਡੇ ‘ਤੇ ਕੰਮ ਸ਼ੁਰੂ ਕੀਤਾ ਹੈ, ਪਰ ਪੰਜਾਬੀ ਪਾਸਪੋਰਟ ਬਣਾਉਣ ਵਿਚ ਕੋਈ ਢਿੱਲ ਨਹੀਂ ਦਿਖਾ ਰਹੇ ਹਨ। ਪਾਸਪੋਰਟਾਂ ਦੇ ਰੁਝਾਨ ‘ਤੇ ਨਜ਼ਰ ਮਾਰੀਏ ਤਾਂ ਸਟੱਡੀ ਵੀਜ਼ੇ ‘ਤੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਠੱਲ੍ਹ ਪੈਂਦੀ ਨਹੀਂ ਦਿਖ ਰਹੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਤਾਜ਼ਾ ਅੰਕੜੇ ਹਨ ਕਿ ਸਾਲ 2023 ਦੇ ਨਵੰਬਰ ਮਹੀਨੇ ਤੱਕ ਪੰਜਾਬ ਵਿਚ 9.79 ਲੱਖ ਪਾਸਪੋਰਟ ਬਣੇ ਹਨ ਅਤੇ ਇਸ ਅੰਕੜੇ ਨਾਲ ਪੰਜਾਬ ਪੂਰੇ ਦੇਸ਼ ‘ਚੋਂ ਚੌਥੇ ਨੰਬਰ ‘ਤੇ ਆ ਗਿਆ ਹੈ। ਖੇਤਰੀ ਪਾਸਪੋਰਟ ਦਫ਼ਤਰਾਂ ਤੋਂ ਇਲਾਵਾ ਸੂਬੇ ਵਿਚ 14 ਪਾਸਪੋਰਟ ਸੇਵਾ ਕੇਂਦਰ ਵੀ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਾਹ ਨਹੀਂ ਆ ਰਿਹਾ ਹੈ। ਬੀਤੇ ਇਕ ਦਹਾਕੇ ਦੌਰਾਨ ਸਾਲ 2018 ਇਕਲੌਤਾ ਵਰ੍ਹਾ ਸੀ, ਜਦੋਂ ਇਕੋ ਸਾਲ ‘ਚ ਪੰਜਾਬ ਵਿਚ ਰਿਕਾਰਡ 10.69 ਲੱਖ ਪਾਸਪੋਰਟ ਬਣੇ ਸਨ।
ਵੇਰਵਿਆਂ ਅਨੁਸਾਰ ਸਾਲ 2020 ਵਿਚ ਇਹ ਅੰਕੜਾ ਘੱਟ ਕੇ 4.82 ਲੱਖ ਪਾਸਪੋਰਟਾਂ ਦਾ ਰਹਿ ਗਿਆ ਸੀ। ਪੰਜਾਬ ਵਿਚ ਸਾਲ 2021 ਵਿਚ 6.44 ਲੱਖ ਪਾਸਪੋਰਟ ਬਣੇ ਅਤੇ 2022 ਵਿਚ ਇਹ ਅੰਕੜਾ ਵਧ ਕੇ 9.35 ਲੱਖ ਪਾਸਪੋਰਟਾਂ ਦਾ ਹੋ ਗਿਆ। ਚਾਲੂ ਵਰ੍ਹੇ ਦੇ ਨਵੰਬਰ ਮਹੀਨੇ ਤੱਕ 9.79 ਲੱਖ ਪਾਸਪੋਰਟ ਬਣ ਚੁੱਕੇ ਹਨ। ਦਸੰਬਰ ਮਹੀਨੇ ਤੱਕ ਇਹ ਅੰਕੜਾ 10 ਲੱਖ ਨੂੰ ਛੂਹ ਸਕਦਾ ਹੈ।
‘ਆਪ’ ਸਰਕਾਰ ਵੱਲੋਂ ਸੂਬੇ ਵਿਚ ਪੱਕੀਆਂ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਤੇ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿਚ ਰੁਜ਼ਗਾਰ ਮਿਲਣ ਕਰ ਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਠੱਲ੍ਹ ਪਵੇਗੀ। ਦੂਜੇ ਪਾਸੇ ਨਵੇਂ ਬਣ ਰਹੇ ਪਾਸਪੋਰਟ ਸਟੱਡੀ ਵੀਜ਼ੇ ਨੂੰ ਮੋੜਾ ਨਾ ਪੈਣ ਦੀ ਗਵਾਹੀ ਭਰ ਰਹੇ ਹਨ। ਸਮੁੱਚੇ ਦੇਸ਼ ‘ਚੋਂ ਇਸ ਵੇਲੇ 13 ਲੱਖ ਵਿਦਿਆਰਥੀ ਵਿਦੇਸ਼ੀ ਧਰਤੀ ‘ਤੇ ਸਿੱਖਿਆ ਹਾਸਲ ਕਰ ਰਹੇ ਹਨ।
ਗੁਆਂਢੀ ਸੂਬੇ ਹਰਿਆਣਾ ਵਿਚ ਚਾਲੂ ਵਰ੍ਹੇ ਦੇ ਨਵੰਬਰ ਮਹੀਨੇ ਤੱਕ 4.79 ਲੱਖ ਪਾਸਪੋਰਟ ਹੀ ਬਣੇ ਹਨ ਅਤੇ ਰਾਜਸਥਾਨ ‘ਚ ਇਸ ਸਮੇਂ ਦੌਰਾਨ 3.84 ਲੱਖ ਪਾਸਪੋਰਟ ਬਣੇ ਹਨ। ਇਸੇ ਤਰ੍ਹਾਂ ਗੁਜਰਾਤ ਵਿਚ 8.19 ਲੱਖ ਤੇ ਹਿਮਾਚਲ ਪ੍ਰਦੇਸ਼ ਵਿਚ 57,153 ਪਾਸਪੋਰਟ ਬਣੇ ਹਨ। ਦੇਸ਼ ਭਰ ‘ਚੋਂ ਇਸ ਵਰ੍ਹੇ ਪਾਸਪੋਰਟ ਬਣਾਉਣ ਵਿਚ ਕੇਰਲਾ ਦੀ ਝੰਡੀ ਰਹੀ ਹੈ, ਜਿੱਥੇ 11 ਮਹੀਨਿਆਂ ਵਿਚ 12.85 ਲੱਖ ਪਾਸਪੋਰਟ ਬਣੇ ਹਨ, ਜਦਕਿ 12.57 ਲੱਖ ਪਾਸਪੋਰਟਾਂ ਨਾਲ ਮਹਾਰਾਸ਼ਟਰ ਦੂਸਰੇ ਨੰਬਰ ‘ਤੇ ਅਤੇ ਉੱਤਰ ਪ੍ਰਦੇਸ਼ 11.49 ਲੱਖ ਪਾਸਪੋਰਟਾਂ ਨਾਲ ਤੀਜੇ ਨੰਬਰ ‘ਤੇ ਹੈ। ਪੰਜਾਬ ਇਸ ਸੂਚੀ ਵਿਚ 9.79 ਲੱਖ ਪਾਸਪੋਰਟਾਂ ਨਾਲ ਚੌਥੇ ਨੰਬਰ ‘ਤੇ ਹੈ।
ਪੰਜਾਬ ਵਿਚ ਸਾਲ 2014 ਤੋਂ ਨਵੰਬਰ 2023 ਤੱਕ ਕੁੱਲ 79.05 ਲੱਖ ਪਾਸਪੋਰਟ ਬਣ ਚੁੱਕੇ ਹਨ। ਪੰਜਾਬ ਵਿਚ ਇਸ ਵੇਲੇ ਅੰਦਾਜ਼ਨ 55 ਲੱਖ ਘਰ ਹਨ, ਜਦਕਿ ਪਾਸਪੋਰਟਾਂ ਦੀ ਔਸਤ ਦੇਖੀਏ ਤਾਂ ਹਰੇਕ ਘਰ ਵਿਚ ਇਕ ਤੋਂ ਜ਼ਿਆਦਾ ਪਾਸਪੋਰਟ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੂੰ ਨਵੇਂ ਪਾਸਪੋਰਟਾਂ ਨਾਲ ਪੰਜਾਬ ਤੋਂ ਕਾਫ਼ੀ ਕਮਾਈ ਹੋ ਰਹੀ ਹੈ। ਸਾਲ 2017 ਤੋਂ ਪੰਜਾਬ ਵਿਚ ਸਟੱਡੀ ਵੀਜ਼ੇ ਦੇ ਰੁਝਾਨ ਨੇ ਜ਼ੋਰ ਫੜਨਾ ਸ਼ੁਰੂ ਕੀਤਾ ਸੀ। ਹੁਣ ਜਦੋਂ ਪਹਿਲੋਂ ਪਹਿਲ ਗਏ ਵਿਦਿਆਰਥੀ ਦੂਸਰੇ ਮੁਲਕਾਂ ਵਿਚ ਨੌਕਰੀ ਕਰਨ ਲੱਗ ਪਏ ਹਨ ਤਾਂ ਹੁਣ ਉਨ੍ਹਾਂ ਦੇ ਮਾਪੇ ਵੀ ਪਿੱਛੇ-ਪਿੱਛੇ ਵਿਦੇਸ਼ ਜਾਣ ਲੱਗੇ ਹਨ।