#OTHERS

Pakistan High Court ਵੱਲੋਂ ਪੀਟੀਆਈ ਤੋਂ ‘ਬੱਲਾ’ ਚੋਣ ਨਿਸ਼ਾਨ ਵਾਪਸ ਲੈਣ ਸਬੰਧੀ ਚੋਣ ਕਮਿਸ਼ਨ ਦਾ ਫ਼ੈਸਲਾ ਮੁਅੱਤਲ

ਪਿਸ਼ਾਵਰ, 27 ਦਸੰਬਰ (ਪੰਜਾਬ ਮੇਲ)- ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਅੰਸ਼ਿਕ ਤੌਰ ‘ਤੇ ਕਾਨੂੰਨੀ ਲੜਾਈ ਜਿੱਤ ਲਈ, ਜਦੋਂ ਪਿਸ਼ਾਵਰ ਹਾਈ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੂੰ ਉਸ ਦੇ ਚੋਣ ਨਿਸ਼ਾਨ ਕ੍ਰਿਕਟ ‘ਬੱਲੇ’ ਤੋਂ ਵਾਂਝਾ ਕਰਨ ਸਬੰਧੀ ਚੋਣ ਕਮਿਸ਼ਨ ਦਾ ਹੁਕਮ ਮੁਅੱਤਲ ਕਰ ਦਿੱਤਾ ਹੈ। ਪਾਕਿਸਤਾਨੀ ਚੋਣ ਕਮਿਸ਼ਨ ਨੇ ਪਿਛਲੇ ਹਫ਼ਤੇ ਇੱਕ ਫ਼ੈਸਲੇ ‘ਚ ਇਮਰਾਨ ਦੀ ਪਾਰਟੀ ਦੀਆਂ ਜਥੇਬੰਦਕ ਚੋਣਾਂ ਖਾਰਜ ਕਰ ਦਿੱਤੀਆਂ ਤੇ ਪਾਰਟੀ ਨੂੰ ਚੋਣ ਨਿਸ਼ਾਨ ਵਜੋਂ ‘ਬੱਲੇ’ ਦੀ ਵਰਤੋਂ ਕਰਨ ਤੋਂ ਵੀ ਰੋਕ ਦਿੱਤਾ ਸੀ। ਪਾਰਟੀ ਨੇ ਫ਼ੈਸਲੇ ਨੂੰ ਪਿਸ਼ਾਵਰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ, ਜਿੱਥੇ ਸੁਣਵਾਈ ਮਗਰੋਂ ਜਸਟਿਸ ਕਾਮਰਾਨ ਹਯਾਤ ਮੀਆਂਖੇਲ ਨੇ ਪਟੀਸ਼ਨ ‘ਤੇ ਆਖਰੀ ਫ਼ੈਸਲੇ ਤੱਕ ਚੋਣ ਕਮਿਸ਼ਨ ਦਾ ਫ਼ੈਸਲਾ ਮੁਅੱਤਲ ਕਰ ਦਿੱਤਾ।