-ਤੋਸ਼ਾਖਾਨਾ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਕਾਰਨ ਜੇਲ੍ਹ ‘ਚ ਹੀ ਰਹਿਣਗੇ ਸਾਬਕਾ ਪ੍ਰਧਾਨ ਮੰਤਰੀ
ਇਸਲਾਮਾਬਾਦ, 23 ਦਸੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸਰਕਾਰੀ ਗੁਪਤ ਦਸਤਾਵੇਜ਼ ਲੀਕ ਕਰਨ ਨਾਲ ਸਬੰਧਤ ਸਾਈਫਰ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਕਰੀਬੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਜ਼ਮਾਨਤ ਦਿੱਤੀ ਹੈ। ‘ਡਾਅਨ’ ਅਖਬਾਰ ਦੀ ਖਬਰ ਮੁਤਾਬਕ ਸੁਪਰੀਮ ਕੋਰਟ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਇਨ੍ਹਾਂ ਆਗੂਆਂ ਨੂੰ 10-10 ਲੱਖ ਰੁਪਏ ਦੇ ਜ਼ਮਾਨਤੀ ਬਾਂਡ ਵੀ ਭਰਨ ਦਾ ਨਿਰਦੇਸ਼ ਦਿੱਤਾ ਹੈ। ਜਸਟਿਸ ਸਰਦਾਰ ਤਾਰਿਕ ਮਸੂਦ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਪੀ.ਟੀ.ਆਈ. ਦੀਆਂ ਪਟੀਸ਼ਨਾਂ ‘ਤੇ ਇਹ ਹੁਕਮ ਜਾਰੀ ਕੀਤਾ। ਬੈਂਚ ਦੇ ਦੋ ਹੋਰ ਜੱਜਾਂ ਵਿਚ ਜਸਟਿਸ ਅਤਹਰ ਮਿਨੱਲ੍ਹਾ ਅਤੇ ਜਸਟਿਸ ਸਈਅਦ ਮਨਸੂਰ ਅਲੀ ਸ਼ਾਹ ਸ਼ਾਮਲ ਹਨ। ਹਾਲਾਂਕਿ ਤੋਸ਼ਾਖਾਨਾ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਕਾਰਨ ਇਮਰਾਨ ਜੇਲ੍ਹ ਵਿਚ ਹੀ ਰਹਿਣਗੇ। ਸੰਘੀ ਜਾਂਚ ਏਜੰਸੀ ਦੀ ਚਾਰਜਸ਼ੀਟ ‘ਚ ਦੋਸ਼ ਲਾਇਆ ਗਿਆ ਹੈ ਕਿ ਪਿਛਲੇ ਸਾਲ ਮਾਰਚ ਵਿਚ ਪਾਕਿਸਤਾਨੀ ਸਫਾਰਤਖਾਨੇ ਵੱਲੋਂ ਭੇਜੇ ਗਏ ਡਿਪਲੋਮੈਟਿਕ ਦਸਤਾਵੇਜ਼ ਇਮਰਾਨ ਨੇ ਕਦੇ ਵਾਪਸ ਨਹੀਂ ਕੀਤੇ। ਪੀ.ਟੀ.ਆਈ. ਪਹਿਲਾਂ ਹੀ ਕਹਿ ਚੁੱਕੀ ਹੈ ਕਿ ਇਸ ਦਸਤਾਵੇਜ਼ ਵਿਚ ਅਮਰੀਕਾ ਵੱਲੋਂ ਇਮਰਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਧਮਕੀ ਦਿੱਤੀ ਗਈ ਸੀ। ਪਿਛਲੇ ਹਫ਼ਤੇ ਅਡਿਆਲਾ ਜੇਲ੍ਹ ਵਿਚ ਵਿਸ਼ੇਸ਼ ਅਦਾਲਤ ਨੇ ਇਸ ਕੇਸ ਦੀ ਨਵੇਂ ਸਿਰੇ ਤੋਂ ਸੁਣਵਾਈ ਸ਼ੁਰੂ ਕੀਤੀ ਸੀ। ਇਮਰਾਨ ਅਤੇ ਕੁਰੈਸ਼ੀ ਨੂੰ 13 ਦਸੰਬਰ ਨੂੰ ਮਾਮਲੇ ‘ਚ ਦੂਜੀ ਵਾਰ ਦੋਸ਼ੀ ਠਹਿਰਾਇਆ ਗਿਆ ਸੀ।