#INDIA

Olympic ਤਗਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਭਾਜਪਾ ‘ਚ ਹੋਏ ਸ਼ਾਮਲ

ਨਵੀਂ ਦਿੱਲੀ, 4 ਅਪ੍ਰੈਲ (ਪੰਜਾਬ ਮੇਲ)- ਭਾਰਤ ਦਾ ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਮਗਰੋਂ ਬੁੱਧਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਿਆ। ਉਸਦੇ ਮਥੁਰਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜਨ ਦੀ ਪਿਛਲੇ ਕੁਝ ਦਿਨਾਂ ਤੋਂ ਚਰਚਾ ਚੱਲ ਰਹੀ ਸੀ। ਮਥੁਰਾ ਤੋਂ ਮੌਜੂਦਾ ਸੰਸਦ ਮੈਂਬਰ ਅਦਾਕਾਰਾ ਹੇਮਾ ਮਾਲਿਨੀ ਮੁੜ ਚੋਣ ਮੈਦਾਨ ਵਿਚ ਹੈ। ਮੁੱਕੇਬਾਜ਼ੀ ਵਿਚ ਭਾਰਤ ਦੇ ਪਹਿਲੇ ਓਲੰਪਿਕ ਤਗ਼ਮਾ ਜੇਤੂ ਵਿਜੇਂਦਰ ਸਿੰਘ ਨੇ 2019 ਵਿਚ ਦੱਖਣੀ ਦਿੱਲੀ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜੀ ਸੀ, ਹਾਲਾਂਕਿ ਉਹ ਹਾਰ ਗਿਆ ਸੀ।
ਇਥੇ ਭਾਜਪਾ ਹੈੱਡਕੁਆਰਟਰ ‘ਤੇ ਪਾਰਟੀ ਆਗੂਆਂ ਨਾਲ ਸਾਂਝੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਜੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਮਗਰੋਂ ਭਾਰਤੀ ਖਿਡਾਰੀਆਂ ਦਾ ਦੇਸ਼-ਵਿਦੇਸ਼ ਵਿਚ ਮਾਣ-ਸਨਮਾਨ ਵਧਿਆ ਹੈ। ਭਾਜਪਾ ਦੀ ਖੁੱਲ੍ਹ ਕੇ ਆਲੋਚਨਾ ਕਰਨ ਵਾਲੇ ਵਿਜੇਂਦਰ ਨੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਸੀ। ਇਹ ਮੁੱਕੇਬਾਜ਼ ਜਾਟ ਭਾਈਚਾਰੇ ਨਾਲ ਸਬੰਧ ਰੱਖਦਾ ਹੈ, ਜਿਸ ਦਾ ਹਰਿਆਣਾ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਚੰਗਾ ਸਿਆਸੀ ਅਸਰ-ਰਸੂਖ਼ ਹੈ। ਸਾਬਕਾ ਮੁੱਕੇਬਾਜ਼ ਨੇ ਕਿਹਾ ਕਿ ਉਹ ਭਾਜਪਾ ਵਿਚ ਸ਼ਾਮਲ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਨਾਲ ਜੁੜ ਕੇ ਦੇਸ਼ ਵਾਸੀਆਂ ਜਾਂ ਖਿਡਾਰੀਆਂ ਦਾ ਭਲਾ ਕਰ ਸਕੇਗਾ। ਉਨ੍ਹਾਂ ਭਾਜਪਾ ਸਰਕਾਰ ਨਾਲ ਖਿਡਾਰੀਆਂ ਦੇ ਬੀਤੇ ਸਮੇਂ ਵਿਚ ਟਰਕਾਅ ਦੀਆਂ ਘਟਨਾਵਾਂ ਬਾਰੇ ਕਿਹਾ ਕਿ ਉਹ ਹਮੇਸ਼ਾ ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਹੀ ਕਹਿਣਗੇ। ਮੁੱਕੇਬਾਜ਼ ਵਿਜੇਂਦਰ ਨੇ ਕਿਸਾਨ ਅੰਦੋਲਨ ਦੌਰਾਨ ਕਈ ਤਿੱਖੇ ਬਿਆਨ ਦਿੱਤੇ ਸਨ।