#INDIA

Olympic ਖੇਡਾਂ ਲਈ ਭਾਰਤੀ ਕੁਸ਼ਤੀ ਫੈਡਰੇਸ਼ਨ ਵੱਲੋਂ ਚੋਣ ਨਿਯਮਾਂ ਬਾਰੇ ਫ਼ੈਸਲਾ 21 ਨੂੰ

ਨਵੀਂ ਦਿੱਲੀ, 16 ਮਈ (ਪੰਜਾਬ ਮੇਲ)- ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂ.ਐੱਫ.ਆਈ.) ਪੈਰਿਸ ਓਲੰਪਿਕ ‘ਚ ਨੁਮਾਇੰਦਗੀ ਵਾਸਤੇ ਭਾਰਤੀ ਦਲ ਦੀ ਚੋਣ ਲਈ 21 ਮਈ ਨੂੰ ਪੈਮਾਨੇ ਤੈਅ ਕਰੇਗਾ। ਭਰੋਸੇਯੋਗ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ। ਭਾਰਤ ਨੇ ਪੈਰਿਸ ਓਲੰਪਿਕ ਖੇਡਾਂ ਲਈ ਛੇ ਕੋਟੇ ਹਾਸਲ ਕੀਤੇ ਹਨ ਜਿਨ੍ਹਾਂ ਵਿੱਚੋਂ ਪੰਜ ਮਹਿਲਾ ਪਹਿਲਵਾਨਾਂ ਨੂੰ ਮਿਲੇ ਹਨ। ਅਮਨ ਸਹਿਰਾਵਤ ਪੁਰਸ਼ਾਂ ਦੇ 57 ਕਿੱਲੋ ਫ੍ਰੀ-ਸਟਾਈਲ ਵਰਗ ‘ਚ ਕੋਟਾ ਹਾਸਲ ਕਰਨ ਵਾਲਾ ਇਕਲੌਤਾ ਪਹਿਲਵਾਨ ਹੈ। ਕੁਸ਼ਤੀ ਫੈਡਰੇਸ਼ਨ ਨੇ ਕਿਹਾ ਸੀ ਕਿ ਉਹ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ‘ਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਪਹਿਲਵਾਨਾਂ ਦੀ ਚੋਣ ਲਈ ਇੱਕ ਆਖਰੀ ਟਰਾਇਲ ਕਰਵਾਏਗਾ। ਡਬਲਯੂ.ਐੱਫ.ਆਈ. ਦੇ ਇੱਕ ਸੂਤਰ ਨੇ ਦੱਸਿਆ, ”ਡਬਲਯੂ.ਐੱਫ.ਆਈ. ਨੇ ਚੋਣ ਪੈਮਾਨੇ ਤੈਅ ਕਰਨ ਲਈ 21 ਮਈ ਨੂੰ ਦਿੱਲੀ ‘ਚ ਚੋਣ ਕਮੇਟੀ ਦੀ ਮੀਟਿੰਗ ਸੱਦੀ ਹੈ। ਦੋਵਾਂ ਵਰਗਾਂ (ਪੁਰਸ਼ ਫ੍ਰੀ-ਸਟਾਈਲ ਅਤੇ ਮਹਿਲਾ ਕੁਸ਼ਤੀ) ਦੇ ਦੋ ਮੁੱਖ ਕੋਚ ਚਰਚਾ ‘ਚ ਸ਼ਾਮਲ ਹੋਣਗੇ।’