#INDIA

Nitish Kumar ਨੇ ਬਿਹਾਰ ਤੋਂ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ

ਪਟਨਾ, 5 ਮਾਰਚ (ਪੰਜਾਬ ਮੇਲ)- ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਵੀਰਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਜਨਤਾ ਦਲ-ਯੂਨਾਈਟਿਡ (JDU) ਦੇ ਮੁਖੀ ਨੇ ਵਿਧਾਨ ਸਭਾ ਸਕੱਤਰ ਖ਼ਿਆਤੀ ਸਿੰਘ ਦੇ ਦਫ਼ਤਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਨਾਮਜ਼ਦਗੀ ਦਾਖਲ ਕੀਤੀ।

ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਦਿਨ ਦੇ ਸ਼ੁਰੂ ਵਿੱਚ ਰਾਜ ਸਭਾ ਵਿੱਚ ਜਾਣ ਦੇ ਆਪਣੇ ਇਰਾਦੇ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਇਕੋ-ਇਕ ਸਦਨ ਹੈ ਜਿਸ ਦੇ ਉਹ ਹੁਣ ਤੱਕ ਮੈਂਬਰ ਨਹੀਂ ਰਹੇ ਸਨ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ, ਨੀਤੀਸ਼ ਨੇ ਇਸ ਕਦਮ ਦਾ ਐਲਾਨ ਕੀਤਾ ਜੋ ਬਿਹਾਰ ਦੀ ਰਾਜਨੀਤੀ ਦੇ ਸਮੀਕਰਨਾਂ ਨੂੰ ਬਦਲ ਦੇਵੇਗਾ। ਹੁਣ ਰਾਜ ਵਿੱਚ ਭਾਜਪਾ (BJP) ਦਾ ਆਪਣਾ ਮੁੱਖ ਮੰਤਰੀ ਹੋਵੇਗਾ ਅਤੇ ਨੀਤੀਸ਼ ਦੇ ਪੁੱਤਰ ਨਿਸ਼ਾਂਤ ਉਪ ਮੁੱਖ ਮੰਤਰੀ ਹੋਣਗੇ।

ਇਸ ਤੋਂ ਪਹਿਲਾਂ ਸੂਬਾ ਮੰਤਰੀ ਵਿਜੇ ਕੁਮਾਰ ਚੌਧਰੀ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਕੁਮਾਰ ਰਾਜ ਸਭਾ ਵਿੱਚ ਜਾਣ ਬਾਰੇ ਵਿਚਾਰ ਕਰ ਰਹੇ ਹਨ, ਜਿਸ ਨਾਲ ਰਾਜ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਜਾਵੇਗਾ।

ਜੇਡੀਯੂ ਮੁਖੀ ਨੀਤੀਸ਼ ਕੁਮਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਹੈ ਉਹ ਰਾਜ ਸਭਾ ਚੋਣਾਂ ਲੜਨਗੇ, ਜਿਸ ਨਾਲ ਬਿਹਾਰ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦਾ ਅੰਤ ਹੋ ਜਾਵੇਗਾ। ਸਾਲ 2005 ਤੋਂ ਮੁੱਖ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਕੁਮਾਰ ਨੇ ਕਿਹਾ ਕਿ ਸੂਬੇ ਵਿੱਚ ਬਣਨ ਵਾਲੀ ਨਵੀਂ ਸਰਕਾਰ ਨੂੰ ਉਨ੍ਹਾਂ ਦਾ ਪੂਰਾ ਸਹਿਯੋਗ ਅਤੇ ਮਾਰਗਦਰਸ਼ਨ ਮਿਲੇਗਾ।

ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ, “ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਤੁਸੀਂ ਮੇਰੇ ‘ਤੇ ਲਗਾਤਾਰ ਭਰੋਸਾ ਜਤਾਇਆ ਹੈ ਅਤੇ ਇਸੇ ਭਰੋਸੇ ਦੇ ਦਮ ‘ਤੇ ਅਸੀਂ ਪੂਰੀ ਤਨਦੇਹੀ ਨਾਲ ਬਿਹਾਰ ਦੀ ਸੇਵਾ ਕੀਤੀ ਹੈ।” ਉਨ੍ਹਾਂ ਅੱਗੇ ਕਿਹਾ ਕਿ ਆਪਣੀ ਸੰਸਦੀ ਯਾਤਰਾ ਦੇ ਸ਼ੁਰੂਆਤ ਤੋਂ ਹੀ ਉਹ ਬਿਹਾਰ ਵਿਧਾਨ ਸਭਾ ਦੇ ਦੋਵਾਂ ਸਦਨਾਂ ਅਤੇ ਸੰਸਦ ਦੇ ਦੋਵਾਂ ਸਦਨਾਂ ਦਾ ਮੈਂਬਰ ਬਣਨਾ ਚਾਹੁੰਦੇ ਸਨ ਅਤੇ ਇਸੇ ਇੱਛਾ ਦੇ ਤਹਿਤ ਉਹ ਇਸ ਵਾਰ ਰਾਜ ਸਭਾ ਮੈਂਬਰ ਬਣਨਾ ਚਾਹੁੰਦੇ ਹਨ।

2025 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਐਨਡੀਏ ਨੂੰ ਸ਼ਾਨਦਾਰ ਜਿੱਤ ਦਿਵਾਉਣ ਤੋਂ ਬਾਅਦ ਕੁਮਾਰ ਦੇ ਅਹੁਦਾ ਛੱਡਣ ਨਾਲ ਹੁਣ ਕਿਸੇ ਭਾਜਪਾ ਆਗੂ ਦੇ ਮੁੱਖ ਮੰਤਰੀ ਬਣਨ ਦੀ ਉਮੀਦ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਬਿਹਾਰ ਨੂੰ ਆਪਣਾ ਪਹਿਲਾ ਭਾਜਪਾ ਮੁੱਖ ਮੰਤਰੀ ਮਿਲੇਗਾ। ਬਿਹਾਰ ਦੀਆਂ ਪੰਜ ਰਾਜ ਸਭਾ ਸੀਟਾਂ ਲਈ 16 ਮਾਰਚ ਨੂੰ ਵੋਟਾਂ ਪੈਣਗੀਆਂ ਅਤੇ ਵੀਰਵਾਰ ਨਾਮਜ਼ਦਗੀ ਦਾ ਆਖਰੀ ਦਿਨ ਹੈ। ਰਾਜ ਵਿਧਾਨ ਸਭਾ ਦੇ ਅੰਕੜਿਆਂ ਅਨੁਸਾਰ ਕੁਮਾਰ ਦੀ ਉਪਰਲੇ ਸਦਨ ਲਈ ਚੋਣ ਲਗਪਗ ਤੈਅ ਹੈ।