ਨਵੀਂ ਦਿੱਲੀ, 12 ਅਪ੍ਰੈਲ (ਪੰਜਾਬ ਮੇਲ)- ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਬੰਗਲੌਰ ਦੇ ਰਾਮੇਸ਼ਵਰਮ ਕੈਫੇ ਧਮਾਕੇ ਦੇ ਮਾਸਟਰਮਾਈਂਡ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਕ ਮੁਸਾਵੀਰ ਹੁਸੈਨ ਸ਼ਾਜ਼ਿਬ ਅਤੇ ਅਦਬੁਲ ਮਤੀਨ ਅਹਿਮਦ ਤਾਹਾ ਨੂੰ ਕੋਲਕਾਤਾ ਨੇੜੇ ਉਨ੍ਹਾਂ ਦੇ ਲੁਕਣ ਵਾਲੇ ਟਿਕਾਣੇ ਦਾ ਪਤਾ ਲਗਾਇਆ ਗਿਆ ਸੀ ਅਤੇ ਐੱਨ.ਆਈ.ਏ. ਦੀ ਟੀਮ ਨੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਸ਼ਾਜ਼ਿਬ ਉਹ ਵਿਅਕਤੀ ਹੈ, ਜਿਸ ਨੇ ਕੈਫੇ ਵਿਚ ਆਈ.ਈ.ਡੀ. ਰੱਖਿਆ ਸੀ ਅਤੇ ਤਾਹਾ ਧਮਾਕੇ ਦੀ ਸਾਜ਼ਿਸ਼ ਰਚਣ ਅਤੇ ਇਸ ਨੂੰ ਅੰਜਾਮ ਦੇਣ ਵਾਲਾ ਹੈ। ਏਜੰਸੀ ਅੱਜ ਸਵੇਰ ਕੋਲਕਾਤਾ ਦੇ ਨੇੜੇ ਭਗੌੜੇ ਮੁਲਜ਼ਮਾਂ ਦਾ ਪਤਾ ਲਗਾਉਣ ਵਿੱਚ ਸਫਲ ਰਹੀ, ਜਿੱਥੇ ਉਹ ਫ਼ਰਜ਼ੀ ਪਛਾਣ ਨਾਲ ਲੁਕੇ ਹੋਏ ਸਨ। ਐੱਨ.ਆਈ.ਏ. ਨੇ ਪਿਛਲੇ ਮਹੀਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।