#PUNJAB

NIA ਵੱਲੋਂ ਪੰਜਾਬ ‘ਚ ਰੇਡ, ਖਾਲਿਸਤਾਨੀ ਗਤੀਵਿਧੀਆਂ ਖਿਲਾਫ ਲਿਆ ਐਕਸ਼ਨ

ਮੋਗਾ, 22 ਨਵੰਬਰ (ਪੰਜਾਬ ਮੇਲ)- ਮੋਗਾ ਜ਼ਿਲ੍ਹੇ ਦੇ ਪਿੰਡ ਝੰਡੇਵਾਲਾ ‘ਚ ਸਵੇਰੇ ਤੜਕਸਾਰ ਐੱਨ.ਆਈ.ਏ. ਦੀ ਟੀਮ ਨੇ ਗੁਰਲਾਭ ਸਿੰਘ ਦੇ ਘਰ ਛਾਪੇਮਾਰੀ ਕੀਤੀ। ਗੁਰਲਾਭ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਤੋਂ ਕਰੀਬ ਢਾਈ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ।
ਹਰਪ੍ਰੀਤ ਕੌਰ ਦੇ ਮੁਤਾਬਕ ਉਹ ਆਪਣੇ ਪਤੀ ਦਾ ਪੇਜ ਚਲਾਉਂਦੀ ਹੈ ਅਤੇ ਪੰਜਾਬ ਦੇ ਹੱਕ ਦੀ ਗੱਲ ਕਰਦੀ ਹੈ। ਉਨ੍ਹਾਂ ਨੂੰ 24 ਨਵੰਬਰ ਨੂੰ ਚੰਡੀਗੜ੍ਹ ਬੁਲਾਇਆ ਗਿਆ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗੁਰਲਾਭ ਸਿੰਘ ਦਾ ਖ਼ਾਲਿਸਤਾਨੀਆਂ ਨਾਲ ਸੰਪਰਕ ਹੈ ਅਤੇ ਕਿਸੇ ਫੰਡਿੰਗ ਨੂੰ ਲੈ ਕੇ ਐੱਨ.ਆਈ.ਏ. ਦੀ ਟੀਮ ਵੱਲੋਂ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਹੈ।
ਟੀਮ ਵੱਲੋਂ ਪਰਿਵਾਰ ਦੇ ਮੋਬਾਇਲ ਅਤੇ ਹੋਰ ਦਸਤਾਵੇਜ਼ ਖੰਗਾਲੇ ਜਾ ਰਹੇ ਹਨ। ਸੂਤਰਾਂ ਮੁਤਾਬਕ ਐੱਨ.ਆਈ.ਏ. ਕਿਸੇ ਫੰਡਿੰਗ ਸਬੰਧੀ ਪੁੱਛਗਿੱਛ ਕਰ ਰਹੀ ਹੈ। ਇਹ ਰੇਡ ਗੁਰਲਾਭ ਸਿੰਘ ਦੇ ਘਰ ਕੀਤੀ ਗਈ।
ਤੜਕਸਾਰ ਸਵੇਰ 5 ਵਜੇ ਦੇ ਕਰੀਬ ਐੱਨ.ਆਈ.ਏ. ਦੀ ਟੀਮ ਵਲੋਂ ਪਿੰਡ ਭੈਰੋਮੂੰਨਾ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਐੱਨ.ਆਈ.ਏ. ਟੀਮ ਵੱਲੋਂ ਸਾਬਕਾ ਸਰਪੰਚ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸਣਾ ਬਣਦਾ ਹੈ ਕਿ ਸਾਬਕਾ ਸਰਪੰਚ ਦੇ ਦੋ ਲੜਕੇ ਹਨ, ਜਿਨ੍ਹਾਂ ਵਿਚੋਂ ਇਕ ਲੜਕਾ ਵਿਦੇਸ਼ ਵਿਚ ਹੈ ਅਤੇ ਉਹ ਕਿਸਾਨ ਮੋਰਚੇ ਵਿਚ ਸਰਗਰਮ ਰਿਹਾ। ਪਿੰਡ ਦੇ ਘਰ ਵਿਚ ਸਾਬਕਾ ਸਰਪੰਚ ਦਾ ਇਕ ਲੜਕਾ ਅਤੇ ਉਸ਼ ਦੀ ਪਤਨੀ ਅਤੇ ਵਿਦੇਸ਼ ਰਹਿਣ ਵਾਲੇ ਲੜਕੇ ਦੇ ਬੱਚੇ ਅਤੇ ਪਤਨੀ ਰਹਿੰਦੇ ਹਨ, ਜਿਨ੍ਹਾਂ ਤੋਂ ਐੱਨ.ਆਈ.ਏ. ਦੀ ਟੀਮ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਪਿਛਲੇ ਸਮੇਂ ਤੋਂ ਐੱਨ.ਆਈ.ਏ. ਪੰਜਾਬ ਵਿਚ ਕਾਫੀ ਸਰਗਰਮ ਹੈ। ਕੇਂਦਰੀ ਏਜੰਸੀ ਖਾਲਿਸਤਾਨੀ ਗਤੀਵਿਧੀਆਂ ਖਿਲਾਫ ਐਕਸ਼ਨ ਮੋਡ ਵਿਚ ਹੈ।